ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਸੁਬੋਧਕਾਂਤ ਸਹਾਏ ਨੇ ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਖਿਲਾਫ ਟਿੱਪਣੀ ਕਰਕੇ ਵਿਵਾਦ ਛੇੜ ਦਿੱਤਾ | ਸਹਾਏ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਮੋਦੀ ਹਿਟਲਰ ਦੇ ਨਕਸ਼ੇ ਕਦਮਾਂ ‘ਤੇ ਚੱਲਣਗੇ ਤਾਂ ਹਿਟਲਰ ਦੀ ਮੌਤ ਮਰਨਗੇ | ਹਾਲਾਂਕਿ ਕਾਂਗਰਸ ਨੇ ਸਹਾਏ ਦੀ ਟਿੱਪਣੀ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਲੜਦੀ ਰਹੇਗੀ ਪਰ ਪ੍ਰਧਾਨ ਮੰਤਰੀ ਖਿਲਾਫ ਟਿੱਪਣੀ ਨਾਲ ਸਹਿਮਤ ਨਹੀਂ ਹੈ | ਸਹਾਏ ਨੇ ਫੌਜ ਵਿੱਚ ਭਰਤੀ ਸਬੰਧੀ ‘ਅਗਨੀਪੱਥ ਯੋਜਨਾ’ ਅਤੇ ਰਾਹੁਲ ਗਾਂਧੀ ਤੋਂ ਈ ਡੀ ਵੱਲੋਂ ਪੁੱਛ ਪੜਤਾਲ ਖਿਲਾਫ ਜੰਤਰ ਮੰਤਰ ‘ਤੇ ਕਾਂਗਰਸ ਦੇ ‘ਸੱਤਿਆਗ੍ਰਹਿ’ ਅੰਦੋਲਨ ਦੌਰਾਨ ਇਹ ਟਿੱਪਣੀ ਕੀਤੀ | ਸਾਬਕਾ ਕੇਂਦਰੀ ਮੰਤਰੀ ਨੇ ਕਿਹਾ—ਸਿਰਫ ਰਾਹੁਲ ਗਾਂਧੀ ਹੀ ਮੋਦੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਸਕਦੇ ਹਨ | ਮੋਦੀ ਉਨ੍ਹਾ ਨੂੰ ਡਰਾਉਣਾ ਚਾਹੁੰਦੇ ਹਨ | ਉਨ੍ਹਾ ਨੇ ਮੋਦੀ ਨੂੰ ਤਾਨਾਸ਼ਾਹ ਵੀ ਕਰਾਰ ਦਿੱਤਾ | ਦੂਜੇ ਪਾਸੇ ਕਾਂਗਰਸ ਨੇ ਕਿਹਾ ਕਿ ਉਸ ਦਾ ਸੰਘਰਸ਼ ਗਾਂਧੀਵਾਦੀ ਸਿਧਾਂਤਾਂ ਤੇ ਤਰੀਕਿਆਂ ਨਾਲ ਹੀ ਜਾਰੀ ਰਹੇਗਾ | ਬਾਅਦ ਵਿਚ ਸਹਾਏ ਨੇ ਸਫਾਈ ਦਿੰਦਿਆਂ ਕਿਹਾ—ਮੈਂ ਤਾਂ, ਜੋ ਹਿਟਲਰ ਦੀ ਰਾਹ ਚੱਲੇਗਾ ਉਹ ਹਿਟਲਰ ਦੀ ਮੌਤ ਮਰੇਗਾ ਦਾ ਪੁਰਾਣਾ ਨਾਅਰਾ ਲਾ ਰਿਹਾ ਸੀ |
ਇਸੇ ਦੌਰਾਨ ਝਾਰਖੰਡ ਦੇ ਵਿਧਾਇਕ ਇਰਫਾਨ ਅੰਸਾਰੀ ਨੇ ਕਿਹਾ ਕਿ ਦੇਸ਼ ਖੂਨ ਨਾਲ ਲੱਥਪੱਥ ਹੋਵੇਗਾ, ਪਰ ਅਗਨੀਪੱਥ ਨੂੰ ਨਹੀਂ ਲਾਗੂ ਕਰਨ ਦੇਵਾਂਗੇ | ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਵਿਧਾਇਕ ਨੇ ਪੁੱਛਿਆ ਕਿ ਉਨ੍ਹਾ ਗਲਤ ਕੀ ਕਿਹਾ?
ਉਨ੍ਹਾ ਕਿਹਾ ਕਿ ਦੇਸ਼ ਸੜ ਰਿਹਾ ਹੈ | ਕਾਂਗਰਸ ਵਿਧਾਇਕ ਨੇ ਮੋਦੀ ਸਰਕਾਰ ‘ਤੇ 8 ਸਾਲ ‘ਚ ਰੁਜ਼ਗਾਰ ਨਾ ਦੇਣ ਅਤੇ ਦੇਸ਼ ਵੇਚਣ ਦਾ ਦੋਸ਼ ਲਗਾਉਂਦੇ ਹੋਏ ਕਿਹਾ—ਕੋਈ ਨੌਕਰੀ, ਰੁਜ਼ਗਾਰ ਨਹੀਂ ਦਿੱਤਾ, ਅੱਜ ਤੁਸੀਂ ਦੇਸ਼ ਨੂੰ ਵੇਚ ਦਿੱਤਾ | ਰੇਲ ਵੇਚਿਆ, ਹਵਾਈ ਜਹਾਜ ਵੇਚਿਆ, ਕੱਲ੍ਹ ਕਾਰਖਾਨੇ ਵੇਚ ਦਿੱਤੇ, ਅੱਜ ਤੁਸੀਂ ਦੇਸ਼ ਦੀ ਫੌਜ ਨੂੰ ਵੇਚਣ ਜਾ ਰਹੇ ਹੋ | ਇਸ ਦਾ ਗੁੱਸਾ ਨੌਜਵਾਨਾਂ ‘ਚ ਹੈ | ਨੌਜਵਾਨ ਸੜਕਾਂ ‘ਤੇ ਹਨ | ਦੇਸ਼ ਹੋਵੇਗਾ ਖੂਨ ਨਾਲ ਲੱਥਪੱਥ, ਪਰ ਅਸੀਂ ਲਾਗੂ ਹੋਣ ਨਹੀਂ ਦੇਵਾਂਗੇ ਅਗਨੀਪੱਥ | ਪਹਿਲਾਂ ਵੀ ‘ਅਗਨੀਪੱਥ’ ਫਲਾਪ ਸੀ, ਇਸ ਵਾਰ ਫਿਰ ਫਲਾਪ ਹੋਵੇਗਾ |