ਕਿਸਾਨਾਂ ’ਤੇ ਤਸ਼ੱਦਦ ਖਿਲਾਫ਼ ਹਰਿਆਣਾ ਉੱਬਲਿਆ

0
248

ਚੰਡੀਗੜ੍ਹ : ਸੂਰਜਮੁਖੀ ’ਤੇ ਘੱਟੋ-ਘੱਟ ਸਮਰਥਨ ਮੁੱਲ ਮੰਗ ਰਹੇ ਕਿਸਾਨਾਂ ’ਤੇ ਮੰਗਲਵਾਰ ਸ਼ਾਹਾਬਾਦ ਵਿਚ ਲਾਠੀਚਾਰਜ ਖਿਲਾਫ ਕਿਸਾਨਾਂ ਨੇ ਬੁੱਧਵਾਰ ਅੰਦੋਲਨ ਮਘਾ ਦਿੱਤਾ। ਰੋਹਤਕ ਵਿਚ ਪੁਲਸ ਨਾਲ ਝੜਪ ਹੋ ਗਈ। ਕਰਨਾਲ ਵਿਚ ਹਾਈਵੇ ਜਾਮ ਕਰ ਰਹੇ ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਹਾਲਾਂਕਿ ਸ਼ਾਮ ਨੂੰ ਛੱਡ ਦਿੱਤਾ ਗਿਆ।
ਗੁਰਨਾਮ ਸਿੰਘ ਚੜੂਨੀ ਸਣੇ 9 ਆਗੂਆਂ ਨੂੰ ਪੁਲਸ ਨੇ ਕੁਰਕਸ਼ੇਤਰ ਅਦਾਲਤ ਵਿਚ ਪੇਸ਼ ਕੀਤਾ, ਜਿਸ ਨੇ ਉਨ੍ਹਾਂ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ। ਇਸੇ ਦਰਮਿਆਨ ਕਰਨਾਲ ਪੁੱਜੇ ਰਾਕੇਸ਼ ਟਿਕੈਤ ਨੇ ਕਿਹਾਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ’ਤੇ ਐੱਮ ਐੱਸ ਪੀ ਦੀ ਮੰਗ ਨੂੰ ਲੈ ਕੇ ਲਾਠੀਚਾਰਜ ਕੀਤਾ ਗਿਆ ਹੈ। ਹੁਣ ਦੇਸ਼ ਵਿਚ ਦਿੱਲੀ ਤੋਂ ਵੱਡਾ ਅੰਦੋਲਨ ਹੋਵੇਗਾ। ਕੁਰਕਸ਼ੇਤਰ ਵਿਚ ਇਸ ਦੀ ਰਣਨੀਤੀ ਬਣਾ ਕੇ ਐਲਾਨ ਕੀਤਾ ਜਾਵੇਗਾ। ਇਸੇ ਦੌਰਾਨ ਕਿਸਾਨ ਹਿਸਾਰ, ਸਿਰਸਾ, ਰੋਹਤਕ, ਕਰਨਾਲ, ਅੰਬਾਲਾ ਤੇ ਕੁਰਕਸ਼ੇਤਰ ਦੇ ਟੋਲ ਪਲਾਜ਼ਿਆਂ ’ਤੇ ਧਰਨੇ ਦੇ ਕੇ ਬੈਠ ਗਏ ਤੇ ਚਿਤਾਵਨੀ ਦਿੱਤੀ ਕਿ ਆਗੂ ਨਾ ਛੱਡੇ ਤਾਂ ਪੂਰੇ ਹਰਿਆਣਾ ਦੀਆਂ ਸੜਕਾਂ ਜਾਮ ਕਰ ਦੇਣਗੇ। ਲਾਠੀਚਾਰਜ ਦੇ ਵਿਰੋਧ ਵਿਚ ਕਿਸਾਨਾਂ ਨੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ੇ ਨੂੰ ਵੀ ਫਰੀ ਕਰ ਦਿੱਤਾ।
ਸੂਰਜਮੁਖੀ ਦੀ ਫਸਲ ’ਤੇ ਸਮਰਥਨ ਮੁੱਲ ਦੀ ਮੰਗ ਕਰ ਰਹੇ ਕਿਸਾਨਾਂ ’ਤੇ ਪੁਲਸ ਵੱਲੋਂ ਬੀਤੇ ਦਿਨ ’ਚ ਕੀਤੇ ਗਏ ਲਾਠੀਚਾਰਜ ਦੇ ਵਿਰੋਧ ’ਚ ਬੁੱਧਵਾਰ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨਾਲ ਜੁੜੇ ਕਿਸਾਨਾਂ ਨੇ ਸਿਰਸਾ ’ਚ ਨੈਸ਼ਨਲ ਹਾਈਵੇਅ ਨੰਬਰ 9 ’ਤੇ ਭਾਵਦੀਨ ਟੋਲ ਪਲਾਜ਼ੇ ਨੂੰ ਪਰਚੀ ਮੁਕਤ ਕਰਵਾ ਕੇ ਧਰਨਾ ਦਿੱਤਾ। ਕਿਸਾਨਾਂ ਨੇ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਹਿਰਾਸਤ ’ਚ ਲਏ ਗਏ ਸਾਰੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਕਿਸਾਨਾਂ ’ਤੇ ਦਰਜ ਸਾਰੇ ਮੁਕੱਦਮੇ ਰੱਦ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here