ਮਾਨ ਵੱਲੋਂ ਲੁਧਿਆਣਾ ਨੇੜੇ ਡਿਜੀਟਲ ਜੇਲ੍ਹ ਬਣਾਉਣ ਦਾ ਐਲਾਨ

0
179

ਧੂਰੀ/ਸੰਗਰੂਰ/ਮਾਲੇਰਕੋਟਲਾ (ਰਾਜੇਸ਼ਵਰ ਪਿੰਟੂ, ਸੁਖਦੇਵ, ਬਿੰਨੀ ਗਰਗ/ਪ੍ਰਵੀਨ ਸਿੰਘ/ਅਸਗਰ ਪਰਿਹਾਰ)
ਮੁੱਖ ਮੰਤਰੀ ਭਗਵੰਤ ਮਾਨ ਨੇ ਖਤਰਨਾਕ ਅਪਰਾਧੀਆਂ ਨਾਲ ਸੰਬੰਧਤ ਮਾਮਲਿਆਂ ਦੀ ਸੁਣਵਾਈ ਜੇਲ੍ਹ ਕੰਪਲੈਕਸ ਵਿਚ ਹੀ ਕਰਨ ਲਈ ਸੂਬੇ ਵਿਚ 50 ਏਕੜ ਰਕਬੇ ਵਿਚ ਅਤਿ ਸੁਰੱਖਿਅਤ ਡਿਜੀਟਲ ਜੇਲ੍ਹ ਬਣਾਉਣ ਦਾ ਐਲਾਨ ਕੀਤਾ ਹੈ |
ਸ਼ੱੁਕਰਵਾਰ ਇੱਥੇ ਨਵੇਂ ਭਰਤੀ ਹੋਏ ਜੇਲ੍ਹ ਵਾਰਡਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਨੇੜੇ 50 ਏਕੜ ਜ਼ਮੀਨ ਵਿੱਚ ਅਤਿ ਸੁਰੱਖਿਅਤ ਡਿਜੀਟਲ ਜੇਲ੍ਹ ਸਥਾਪਤ ਕਰਨ ਲਈ ਭਾਰਤ ਸਰਕਾਰ ਨੇ 100 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿੱਥੇ ਸੂਬੇ ਵਿੱਚ ਖਤਰਨਾਕ ਅਪਰਾਧੀਆਂ ਦੀ ਅਦਾਲਤੀ ਸੁਣਵਾਈ ਕੀਤੀ ਜਾਇਆ ਕਰੇਗੀ | ਉਨ੍ਹਾਂ ਕਿਹਾ ਕਿ ਸੂਬੇ ਲਈ ਖਤਰਾ ਬਣੇ ਅਜਿਹੇ ਖੌਫਨਾਕ ਅਪਰਾਧੀਆਂ ਦੀ ਵਿਸ਼ੇਸ਼ ਸੁਣਵਾਈ ਲਈ ਜੇਲ੍ਹ ਵਿੱਚ ਹੀ ਜੱਜਾਂ ਦੇ ਵੱਖਰੇ ਕੈਬਿਨ ਬਣਾਏ ਜਾਣਗੇ ਤਾਂ ਜੋ ਇਸ ਮੰਤਵ ਲਈ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਨਾ ਲਿਜਾਣਾ ਪਵੇ | ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਛੇਤੀ ਹੀ ਮੁਹਾਲੀ ਵਿੱਚ ਆਪਣਾ ਅਤਿ-ਆਧੁਨਿਕ ਦਫਤਰ ਬਣਾਇਆ ਜਾਵੇਗਾ, ਜਿਸ ਲਈ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ |
ਭਗਵੰਤ ਮਾਨ ਨੇ ਕਿਹਾ ਕਿ ਜੇਲ੍ਹ ਦੇ ਅੰਦਰੋਂ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਰੋਕਣ ਲਈ ਜੇਲ੍ਹਾਂ ਵਿੱਚ ਉੱਚ-ਤਕਨੀਕ ਵਾਲੇ ਜੈਮਰ ਅਤੇ ਹੋਰ ਉਪਕਰਨ ਲਾਏ ਜਾ ਰਹੇ ਹਨ |
ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦ ਪਾਰੋਂ ਡਰੋਨਾਂ ਰਾਹੀਂ ਹੋ ਰਹੀ ਘੁਸਪੈਠ ਨੂੰ ਰੋਕਣ ਲਈ ਪੰਜਾਬ ਪੁਲਸ ਵਿੱਚ ਐਂਟੀ-ਡਰੋਨ ਤਕਨੀਕ ਲਿਆਂਦੀ ਜਾ ਰਹੀ ਹੈ |
ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਸੁਧਾਰ ਲਈ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹ ਜ਼ਿੰਦਗੀ ਵਿੱਚ ਕੋਈ ਹੁਨਰ ਜਾਂ ਕੰਮਕਾਜ ਸਿੱਖ ਸਕਣ | ਉਨ੍ਹਾ ਇਹ ਵੀ ਕਿਹਾ ਕਿ ਲੱਡਾ ਕੋਠੀ ਵਿਖੇ ਪੁਲਸ ਸਿਖਲਾਈ ਕੇਂਦਰ ਦੇ ਕੈਂਪਸ ਵਿੱਚ ਸਿੰਥੈਟਿਕ ਟ੍ਰੈਕ ਵਿਛਾਉਣ ਲਈ 4.5 ਕਰੋੜ ਰੁਪਏ ਦਿੱਤੇ ਜਾਣਗੇ, ਕੈਂਪਸ ਦੇ ਅੰਦਰ 3 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਹੋਸਟਲ ਬਣਾਇਆ ਜਾਵੇਗਾ ਅਤੇ 25 ਲੱਖ ਰੁਪਏ ਖਰਚ ਕੇ ਫਾਇਰਿੰਗ ਰੇਂਜ ਸਥਾਪਤ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਕੈਂਪਸ ਵਿੱਚ ਸੜਕਾਂ ਦੇ ਨਿਰਮਾਣ ਲਈ ਵੀ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਵਿਚ ਕੈਦੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਲਈ ਵਰਤਿਆ ਜਾਂਦਾ ਕੱਚਾ ਮਾਲ ਮੁਹੱਈਆ ਕਰਵਾਉਣ ‘ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ |
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਸ਼ੇਸ਼ ਮਹਿਲਾ ਜੇਲ੍ਹ ਦੀ ਉਸਾਰੀ ਕਰਨ ਤੋਂ ਇਲਾਵਾ ਜੇਲ੍ਹ ਵਿਭਾਗ ਵਿੱਚ 351 ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ | ਮੁੱਖ ਮੰਤਰੀ ਨੇ ਨਵੇਂ ਭਰਤੀ ਵਾਰਡਰਜ਼ ਨੂੰ ਸਿਖਲਾਈ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਰੇਡ ਕਮਾਂਡਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ |

LEAVE A REPLY

Please enter your comment!
Please enter your name here