ਲੰਡਨ : ਆਸਟਰੇਲੀਆ ਨੇ ਐਤਵਾਰ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਵਰਲਡ ਟੈੱਸਟ ਚੈਂਪੀਅਨਸ਼ਿਪ ਜਿੱਤ ਲਈ। ਇਹ ਭਾਰਤ ਦੀ ਫਾਈਨਲ ਵਿਚ ਲਗਾਤਾਰ ਦੂਜੀ ਹਾਰ ਹੈ। 2021 ਵਿਚ ਪਹਿਲੀ ਚੈਂਪੀਅਨਸ਼ਿਪ ’ਚ ਉਸ ਨੇ ਨਿਊ ਜ਼ੀਲੈਂਡ ਹੱਥੋਂ ਮਾਰ ਖਾਧੀ ਸੀ।
444 ਦੌੜਾਂ ਦਾ ਪਿੱਛਾ ਭਾਰਤ ਨੇ ਪੰਜਵੇਂ ਦਿਨ ਤਿੰਨ ਵਿਕਟਾਂ ’ਤੇ 164 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਦਿਆਂ ਕਰਨਾ ਸ਼ੁਰੂ ਕੀਤਾ। ਛੇਤੀ ਬਾਅਦ ਵਿਰਾਟ ਕੋਹਲੀ (49), ਰਵਿੰਦਰ ਜਡੇਜਾ (0) ਤੇ ਅਜਿੰਕਯਾ ਰਹਾਣੇ (43) ਦੇ ਆਊਟ ਹੋਣ ਤੋਂ ਬਾਅਦ ਸਾਰੀ ਟੀਮ 63.3 ਓਵਰਾਂ ’ਚ 234 ਦੌੜਾਂ ’ਤੇ ਆਊਟ ਹੋ ਗਈ। 46 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਸਕੌਟ ਬੋਲੈਂਡ ਨੇ ਕੋਹਲੀ ਤੇ ਜਡੇਜਾ ਨੂੰ ਇਕ ਓਵਰ ਵਿਚ ਆਊਟ ਕੀਤਾ। ਨਾਥਨ ਲਿਓਨ ਨੇ 41 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਆਸਟਰੇਲੀਆ ਨੇ ਪਹਿਲੀ ਪਾਰੀ ’ਚ 469 ਦੌੜਾਂ ਬਣਾਈਆਂ ਸਨ ਤੇ ਦੂਜੀ ਪਾਰ 8 ਵਿਕਟਾਂ ’ਤੇ 270 ਦੌੜਾਂ ਦੇ ਸਕੋਰ ’ਤੇ ਮੁਕੰਮਲ ਐਲਾਨ ਦਿੱਤੀ ਸੀ। ਭਾਰਤ ਪਹਿਲੀ ਪਾਰੀ ਵਿਚ 296 ਦੌੜਾਂ ਬਣਾ ਸਕਿਆ ਸੀ।





