ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਖਿਲਾਫ ਸੋਮਵਾਰ ਭਾਰਤ ਬੰਦ ਦੇ ਸੱਦੇ ਤਹਿਤ ਪੰਜਾਬ, ਦਿੱਲੀ, ਬਿਹਾਰ, ਉਤਰ ਪ੍ਰਦੇਸ਼, ਹਰਿਆਣਾ ਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਨੌਜਵਾਨਾਂ ਨੇ ਰੋਸ ਮੁਜ਼ਾਹਰੇ ਕੀਤੇ | ਰੇਲਵੇ ਨੇ ਇੱਕ ਬਿਆਨ ‘ਚ ਕਿਹਾ ਕਿ 539 ਟਰੇਨਾਂ ਪ੍ਰਭਾਵਤ ਹੋਈਆਂ, 529 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ‘ਚ 181 ਮੇਲ/ਐਕਸਪ੍ਰੈੱਸ ਅਤੇ 348 ਪਸੰਜਰ ਸ਼ਾਮਲ ਹਨ | ਚਾਰ ਮੇਲ/ਐਕਸਪ੍ਰੈੱਸ ਟਰੇਨਾਂ ਵੀ ਅੰਸ਼ਿਕ ਤੌਰ ‘ਤੇ ਰੱਦ ਕੀਤੀਆਂ ਗਈਆਂ | ਇਸ ਦੌਰਾਨ ਕਈ ਜਥੇਬੰਦੀਆਂ ਨੇ 20 ਨੂੰ ਵੀ ਭਾਰਤ ਬੰਦ ਦਾ ਐਲਾਨ ਕੀਤਾ ਹੈ | ਬੰਦ ਕਾਰਨ ਦਿੱਲੀ-ਗੁਰੂਗ੍ਰਾਮ ਐਕਪ੍ਰੈਸਵੇਅ ‘ਤੇ ਜ਼ਬਰਦਸਤ ਜਾਮ ਦੇਖਣ ਨੂੰ ਮਿਲਿਆ |
ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਨੇ ਅੰਬਾਲਾ ਦੇ ਸ਼ੰਭੂ ਬਾਰਡਰ ਅਤੇ ਕਰੂਕਸ਼ੇਤਰ ਦੇ ਸੈਨੀ ਮਾਜਰਾ ਅਤੇ ਥਾਣਾ ਟੋਲ ਪਲਾਜ਼ਾ ‘ਤੇ ਕਬਜ਼ਾ ਕਰਕੇ ਵਾਹਨਾਂ ਨੂੰ ਬਿਨਾਂ ਟੋਲ ਟੈਕਸ ਲੰਘਾਇਆ | ਹਰਿਆਣਾ ‘ਚ ਪਲਵਲ ਦੇ ਆਗਰਾ ਚੌਕ ‘ਤੇ ਪੱਥਰਬਾਜ਼ੀ ਹੋਈ | ਪਲਵਲ ਜ਼ਿਲ੍ਹੇ ‘ਚ ਹਿੰਸਾ ਸੰਬੰਧੀ 1,000 ਤੋਂ ਵੱਧ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ | ਮੇਰਠ ‘ਚ ਨੌਜਵਾਨਾਂ ਨੇ ਰਾਸ਼ਟਰੀ ਲੋਕ ਦਲ (ਰਾਲੋਦ) ਦੇ ਵਰਕਰਾਂ ਨਾਲ ਟੋਲ ਪਲਾਜ਼ਾ ‘ਤੇ ਧਰਨਾ ਦਿੱਤਾ | ਪੁਲਸ ਨੇ ਰਾਲੋਦ ਦੇ ਰਾਸ਼ਟਰੀ ਬੁਲਾਰੇ ਰੋਹਿਤ ਜਾਖੜ ਨੂੰ ਘਰ ‘ਚ ਨਜ਼ਰਬੰਦ ਕਰ ਦਿੱਤਾ ਸੀ |