ਨਵੀਂ ਦਿੱਲੀ : ਟਵਿੱਟਰ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਜੈਕ ਡੋਰਸੀ ਨੇ ਦਾਅਵਾ ਕੀਤਾ ਹੈ ਕਿ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਭਾਰਤ ’ਚ ਕਿਸਾਨ ਅੰਦੋਲਨ ਦੌਰਾਨ ਸਰਕਾਰੀ ਦਬਾਅ ਅਤੇ ਬੰਦ ਹੋਣ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ।
ਟਵਿੱਟਰ ਦੇ ਸਹਿ-ਸੰਸਥਾਪਕ ਡੋਰਸੀ ਨੇ ਸੋਮਵਾਰ ਯੂਟਿਊਬ ਸ਼ੋਅ ‘ਬ੍ਰੇਕਿੰਗ ਪੁਆਇੰਟਸ ਵਿਦ �ਿਸਟਲ ਐਂਡ ਸਾਗਰ’ ਵਿਚ ਦੋਸ਼ ਲਾਇਆ ਕਿ ਭਾਰਤ ਸਰਕਾਰ ਨੇ ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਟਵਿੱਟਰ ’ਤੇ ਦਬਾਅ ਪਾਇਆ ਅਤੇ ਸਰਕਾਰ ਦਾ ਕਿਹਾ ਨਾ ਮੰਨਣ ’ਤੇ ਭਾਰਤ ’ਚ ਟਵਿੱਟਰ ਬੰਦ ਕਰਨ, ਕਰਮਚਾਰੀਆਂ ਦੇ ਘਰਾਂ ’ਤੇ ਛਾਪੇ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸਰਕਾਰ ਨੇ ਕਈ ਅਜਿਹੇ ਪੱਤਰਕਾਰਾਂ ਦੇ ਟਵਿੱਟਰ ਖਾਤੇ ਬੰਦ ਕਰਨ ਦਾ ਦਬਾਅ ਬਣਾਇਆ ਜੋ ਸਰਕਾਰ ਦੀ ਅਲੋਚਨਾ ਕਰ ਰਹੇ ਸਨ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਚੰਦਰ ਸ਼ੇਖਰ ਮੰਤਰੀ ਨੇ ਡੋਰਸੀ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਡੋਰਸੀ ਦਾ ਬਿਆਨ ਸ਼ਾਇਦ ਟਵਿੱਟਰ ਦੇ ਇਤਿਹਾਸ ਦੇ ਉਸ ਬੇਹੱਦ ਸ਼ੱਕੀ ਦੌਰ ਨੂੰ ਮਿਟਾਉਣ ਦਾ ਯਤਨ ਹੈ। ਉਨ੍ਹਾ ਕਿਹਾ ਕਿ ਡੋਰਸੀ ਨੇ ਜੋ ਕੁਝ ਕਿਹਾ ਹੈ, ਉਹ ਸਰਾਸਰ ਝੂਠ ਹੈ। ਟਵਿੱਟਰ ਇਕ ਅਜਿਹੀ ਕੰਪਨੀ ਹੈ, ਜੋ ਮੰਨਦੀ ਸੀ ਕਿ ਉਸ ਲਈ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਹੈ। ਭਾਰਤ ਸਰਕਾਰ ਸ਼ੁਰੂ ਤੋਂ ਹੀ ਸਪੱਸ਼ਟ ਤੌਰ ’ਤੇ ਦੱਸ ਰਹੀ ਹੈ ਕਿ ਭਾਰਤ ਵਿਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਭਾਰਤੀ ਕਾਨੂੰਨ ਨੂੰ ਮੰਨਣਾ ਹੋਵੇਗਾ। 2020 ਤੋਂ 2022 ਤੱਕ ਟਵਿੱਟਰ ਨੇ ਕਈ ਵਾਰ ਭਾਰਤੀ ਕਾਨੂੰਨ ਦੀ ਉਲੰਘਣਾ ਕੀਤੀ, ਪਰ ਉਸ ਦੌਰਾਨ ਕੋਈ ਵੀ ਜੇਲ੍ਹ ਨਹੀਂ ਗਿਆ ਤੇ ਨਾ ਹੀ ਕਿਸੇ ’ਤੇ ਛਾਪਾ ਪਿਆ। ਆਖਰ ਟਵਿੱਟਰ ਨੇ ਜੂਨ 2022 ਤੋਂ ਕਾਨੂੰਨ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ। ਮੰਤਰੀ ਨੇ ਕਿਹਾ-ਟਵਿੱਟਰ ਨੇ ਜਨਵਰੀ 2021 ਦੇ ਪ੍ਰੋਟੈੱਸਟ ਦੌਰਾਨ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਦਿੱਤੀਆਂ। ਇੱਥੋਂ ਤੱਕ ਕਿ ਕਤਲੇਆਮ ਦੀ ਵੀ ਰਿਪੋਰਟ ਦਿੱਤੀ।
ਭਾਰਤ ਸਰਕਾਰ ਨੂੰ ਪਲੇਟਫਾਰਮ ਤੋਂ ਗਲਤ ਜਾਣਕਾਰੀਆਂ ਨੂੰ ਹਟਵਾਉਣਾ ਪਿਆ। ਜੈਕ ਡੋਰਸੀ ਦੇ ਦੌਰ ਵਿਚ ਟਵਿੱਟਰ ਦਾ ਪੱਖਪਾਤੀ ਰਵੱਈਆ ਸੀ। ਉਨ੍ਹਾ ਨੂੰ ਭਾਰਤ ਵਿਚ ਪਲੇਟਫਾਰਮ ਤੋਂ ਗਲਤ ਜਾਣਕਾਰੀਆਂ ਹਟਾਉਣ ਵਿਚ ਦਿੱਕਤ ਹੋਈ। ਕਾਂਗਰਸ ਨੇ ਕਿਹਾ ਕਿ ਡੋਰਸੀ ਦੇ ਦਾਅਵੇ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਦੇਸ਼ ਦੇ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਪਾਰਟੀ ਦੀ ਤਰਜਮਾਨ ਸੁਪਿ੍ਰਆ ਸ੍ਰੀਨੇਤ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਨੂੰ ਸਰਕਾਰ ਦੇ ਨਿਰਦੇਸ਼ਾਂ ’ਤੇ ਛੇ ਮਹੀਨਿਆਂ ਲਈ ਬੈਨ ਕਰ ਦਿੱਤਾ ਗਿਆ ਸੀ। ਸ਼ਿਵ ਸੈਨਾ (ਊਧਵ ਠਾਕਰੇ) ਦੇ ਆਗੂ ਸੰਜੇ ਰਾਉਤ ਨੇ ਕਿਹਾ-ਮੈਂ ਦੇਖਿਆ ਹੈ ਕਿ ਕਿਵੇਂ ਦੇਸ਼ ਦੀ ਜਮਹੂਰੀਅਤ ਤੇ ਆਜ਼ਾਦੀ ਖਤਰੇ ਵਿਚ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਵੇਂ ਪਰਦੇ ਦੇ ਪਿੱਛੇ ਜਮਹੂਰੀਅਤ ਦਾ ਗਲਾ ਘੋਟਿਆ ਜਾ ਰਿਹਾ ਹੈ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ-ਉਸ ਦੌਰਾਨ ਸਾਨੂੰ ਜਾਣਕਾਰੀ ਸੀ ਕਿ ਕਿਸਾਨ ਅੰਦੋਲਨ ਦੀ ਫੇਸਬੁੱਕ ਤੇ ਟਵਿੱਟਰ ’ਤੇ ਓਨੀ ਰੀਚ ਨਹੀਂ ਆ ਰਹੀ ਸੀ, ਜਿੰਨੀ ਆਉਣੀ ਸੀ। ਉਹ (ਸਰਕਾਰ) ਲੋਕਲ ਪੱਧਰ ’ਤੇ ਰੋਕਣ ਦੀ ਕੋਸ਼ਿਸ਼ ਕਰਦੀ ਸੀ। ਟਵਿੱਟਰ ਦੇ ਮਾਲਕ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ। ਡੋਰਸੀ ਨੇ ਠੀਕ ਕਿਹਾ ਹੈ, ਭਾਰਤ ਸਰਕਾਰ ਨੇ ਇਹ ਯਤਨ ਕੀਤੇ ਹੋਣਗੇ। ਟਿਕੈਤ ਨੇ ਕਿਹਾ ਕਿ ਅੰਦੋਲਨ ਦੌਰਾਨ ਕਈ ਟਵਿੱਟਰ ਖਾਤੇ ਬੰਦ ਕਰ ਦਿੱਤੇ ਗਏ। ਨਿੱਕੇ ਬੱਚਿਆਂ ਨੂੰ ਵੀ ਪਤਾ ਸੀ ਕਿ ਜੇ ਕਿਸਾਨ ਅੰਦੋਲਨ ਦੇ ਹੱਕ ਵਿਚ ਕੋਈ ਗੱਲ ਕੀਤੀ ਤਾਂ ਖਾਤਾ ਬੰਦ ਹੋ ਜਾਵੇਗਾ। ਕਈ ਖਾਤੇ ਤਾਂ ਅਜੇ ਵੀ ਬੰਦ ਹਨ।



