ਕਾਨਪੁਰ : ਕਾਨਪੁਰ ‘ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਮੂਹਕ ਕਤਲੇਆਮ ਅਤੇ ਘਰ ਨੂੰ ਅੱਗ ਲਾਉਣ ਦੇ ਦੋਸ਼ ਵਿਚ ਦੋ ਹੋਰ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਇਨ੍ਹਾਂ ਦੀ ਇਸ ਕਾਰਵਾਈ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ | ਇਹ ਗਿ੍ਫਤਾਰੀਆਂ ਘਾਟਮਪੁਰ ਤੋਂ ਕੀਤੀਆਂ ਗਈਆਂ ਹਨ ਅਤੇ ਹੁਣ ਤੱਕ ਐੱਸ ਆਈ ਟੀ ਵੱਲੋਂ ਫੜੇ ਵਿਅਕਤੀਆਂ ਦੀ ਗਿਣਤੀ ਛੇ ਹੋ ਗਈ ਹੈ | ਗਿ੍ਫਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਮੋਬੀਨ ਸ਼ਾਹ (60) ਅਤੇ ਅਮਰ ਸਿੰਘ ਉਰਫ ਭੂਰਾ (61) ਵਜੋਂ ਹੋਈ ਹੈ | ਐੱਸ ਆਈ ਟੀ ਦੀ ਅਗਵਾਈ ਕਰ ਰਹੇ ਪੁਲਸ ਦੇ ਡਿਪਟੀ ਇੰਸਪੈਕਟਰ ਜਨਰਲ ਬਲੇਂਦੂ ਭੂਸ਼ਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ |