ਇੰਫਾਲ : ਮਨੀਪੁਰ ਦੇ ਪੂਰਬੀ ਇੰਫਾਲ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਕਾਂਗਲੀ ਯਾਵੋਲ ਕਾਨਾ ਲੁਪ (ਕੇ ਵਾਈ ਕੇ ਐੱਲ) ਜਥੇਬੰਦੀ ਦੇ 12 ਦਹਿਸ਼ਤਗਰਦਾਂ ਨੂੰ ਸਨਿੱਚਰਵਾਰ ਹਿਰਾਸਤ ’ਚ ਲੈਣ ਮਗਰੋਂ ਸਥਾਨਕ ਆਗੂਆਂ ਦੇ ਹਵਾਲੇ ਕਰ ਦਿੱਤਾ। ਇਕ ਅਧਿਕਾਰੀ ਨੇ ਕਿਹਾ ਕਿ ਮਹਿਲਾਵਾਂ ਦੀ ਅਗਵਾਈ ਵਾਲੇ 1500 ਦੇ ਕਰੀਬ ਲੋਕਾਂ ਤੇ ਸਥਾਨਕ ਆਗੂਆਂ ਦੇ ਹਜ਼ੂਮ ਨੇ ਜਦੋਂ ਸੁਰੱਖਿਆ ਬਲਾਂ ਨੂੰ ਘੇਰਾ ਪਾ ਕੇ ਅੱਗੇ ਵਧਣ ਤੋਂ ਰੋਕਿਆ ਤਾਂ ਸਲਾਮਤੀ ਦਸਤਿਆਂ ਨੇ ਦਹਿਸ਼ਤਗਰਦਾਂ ਨੂੰ ਸਥਾਨਕ ਆਗੂਆਂ ਦੇ ਹਵਾਲੇ ਕਰ ਦਿੱਤਾ। ਰੱਖਿਆ ਤਰਜਮਾਨ ਮੁਤਾਬਕ ਫੌਜ ਤੇ ਅਸਾਮ ਰਾਈਫਲਜ਼ ਨੇ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਸਨਿੱਚਰਵਾਰ ਰਾਤ ਨੂੰ ਇਥਾਮ ਪਿੰਡ ਦੀ ਘੇਰਾਬੰਦੀ ਕਰਕੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਕੇ ਵਾਈ ਕੇ ਐੱਲ ਕੇਡਰ ਦੇ 12 ਕਾਰਕੁਨਾਂ ਨੂੰ ਹਥਿਆਰਾਂ ਤੇ ਹੋਰ ਗੋਲੀ-ਸਿੱਕੇ ਸਮੇਤ ਗਿ੍ਰਫਤਾਰ ਕੀਤਾ। ਇਨ੍ਹਾਂ ’ਚ ਅਖੌਤੀ ਲੈਫਟੀਨੈਂਟ ਕਰਨਲ ਮੋਈਰਾਂਗਥਮ ਤਾਂਬਾ ਉਰਫ ਉੱਤਮ ਵੀ ਸ਼ਾਮਲ ਹੈ। ਤਰਜਮਾਨ ਨੇ ਕਿਹਾ ਕਿ ਉੱਤਮ ਸਾਲ 2015 ’ਚ 6ਵੀਂ ਡੋਗਰਾ ਬਟਾਲੀਅਨ ਨੂੰ ਘੇਰਾ ਪਾ ਕੇ ਕੀਤੇ ਮੁਕਾਬਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ। ਦਹਿਸ਼ਤਗਰਦਾਂ ਨੂੰ ਸਥਾਨਕ ਆਗੂਆਂ ਦੇ ਹਵਾਲੇ ਕਰਨ ਮਗਰੋਂ ਸੁਰੱਖਿਆ ਬਲ ਮੌਕੇ ਤੋਂ ਬਰਾਮਦ ਹਥਿਆਰ ਤੇ ਗੋਲੀ-ਸਿੱਕਾ ਲੈ ਕੇ ਉਥੋਂ ਚਲੇ ਗਏ। ਇਸੇ ਦੌਰਾਨ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਐਤਵਾਰ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਨ੍ਹਾ ਦੀ ਰਿਹਾਇਸ਼ ’ਤੇ ਮਿਲੇ।
ਸੂਤਰਾਂ ਮੁਤਾਬਕ ਸਿੰਘ ਨੇ ਸ਼ਾਹ ਨੂੰ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਸੰਖੇਪ ’ਚ ਜਾਣਕਾਰੀ ਦਿੱਤੀ। ਮੁੱਖ ਮੰਤਰੀ ਅਜਿਹੇ ਮੌਕੇ ਦਿੱਲੀ ਆਏ ਹਨ, ਜਦੋਂ ਇਕ ਦਿਨ ਪਹਿਲਾਂ ਸ਼ਾਹ ਨੇ ਸਰਬ-ਪਾਰਟੀ ਮੀਟਿੰਗ ਸੱਦ ਕੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿੰਸਾ ਦੇ ਝੰਬੇ ਮਨੀਪੁਰ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਤੇ ਉਹ ਇਸ ਸੰਵੇਦਨਸ਼ੀਲ ਮੁੱਦੇ ਦਾ ਹੱਲ ਲੱਭਣ ਲਈ ਸੇਧ ਦੇ ਰਹੇ ਹਨ।



