ਪਟਨਾ : ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਹੈ ਕਿ ਪ੍ਰਸਤਾਵਤ ਆਪੋਜ਼ੀਸ਼ਨ ਮੋਰਚੇ ਦਾ ਨਾਂਅ ਪੈਟਿ੍ਰਓਟਿਕ ਡੈਮੋਕਰੇਟਿਕ ਅਲਾਇੰਸ ਜਾਂ ਪੀ ਡੀ ਏ ਹੋ ਸਕਦਾ ਹੈ ਅਤੇ ਇਸ ਬਾਰੇ ਅੰਤਮ ਫੈਸਲਾ 10-12 ਜੁਲਾਈ ਨੂੰ ਸ਼ਿਮਲਾ ਵਿਚ ਹੋਣ ਵਾਲੀ ਬੈਠਕ ’ਚ ਲਿਆ ਜਾਵੇਗਾ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪੋਜ਼ੀਸ਼ਨ ਪਾਰਟੀਆਂ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀਇਨ੍ਹਾਂ ਪਾਰਟੀਆਂ ਨੂੰ ‘ਆਪੋਜ਼ੀਸ਼ਨ’ ਨਹੀਂ, ਸਗੋਂ ‘ਪੈਟਿ੍ਰਓਟਿਕ’ ਕਹਿਣਾ ਚਾਹੀਦਾ ਹੈ, ਕਿਉਂਕਿ ਅਸੀਂ ਸਾਰੇ ਭਾਰਤ ਦੇ ਨਾਗਰਿਕ ਹਾਂ।
ਇਸੇ ਦੌਰਾਨ ਕਾਮਰੇਡ ਰਾਜਾ ਨੇ ਇਕ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਲਈ ਇਕੱਠੀਆਂ ਹੋ ਰਹੀਆਂ ਆਪੋਜ਼ੀਸ਼ਨ ਪਾਰਟੀਆਂ ਲਈ ਇਸ ਵੇਲੇ ਇਹ ਕੋਈ ਮੁੱਦਾ ਨਹੀਂ ਕਿ ਗੱਠਜੋੜ ਦਾ ਆਗੂ ਕੌਣ ਹੋਵੇਗਾ। ਉਨ੍ਹਾ ਕਿਹਾ ਕਿ ਬੈਠਕ ਵਿਚ ਹਿੱਸਾ ਲੈਣ ਵਾਲੀਆਂ ਸੈਕੂਲਰ ਜਮਹੂਰੀ ਪਾਰਟੀਆਂ ਕਿਸੇ ਵੀ ਮੁੱਦੇ ’ਤੇ ਸਮੂਹਕ ਤੌਰ ’ਤੇ ਫੈਸਲਾ ਲੈਣ ਦੇ ਸਮਰੱਥ ਹਨ।
ਇਹ ਪੁੱਛੇ ਜਾਣ ’ਤੇ ਕਿ ਕੀ ਆਪੋਜ਼ੀਸ਼ਨ ਗੱਠਜੋੜ ਦਾ ਅਗਲਾ ਕਦਮ ਸੀਟਾਂ ਦੀ ਵੰਡ ਤੇ ਸਾਂਝੇ ਏਜੰਡੇ ਨੂੰ ਅੰਤਮ ਰੂਪ ਦੇਣਾ ਹੋਵੇਗਾ, ਕਾਮਰੇਡ ਰਾਜਾ ਨੇ ਕਿਹਾ ਕਿ ਆਪੋਜ਼ੀਸ਼ਨ ਪਾਰਟੀਆਂ ਨੇ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਇਸ ਦੇਸ਼ ਦੇ ਲੋਕਾਂ ਨੂੰ ਦੱਸਿਆ ਹੈ ਕਿ ਉਹ ਸਾਰੀਆਂ ਇਕੱਠੀਆਂ ਹਨ ਤੇ ਉਨ੍ਹਾਂ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣ ਦਾ ਤਹੱਈਆ ਕੀਤਾ ਹੋਇਆ ਹੈ। ਹੋਰਨਾਂ ਮੁੱਦਿਆਂ ’ਤੇ ਚਰਚਾ ਕਰਕੇ ਫੈਸਲੇ ਲਏ ਜਾਂਦੇ ਰਹਿਣਗੇ।
ਇਹ ਪੁੱਛੇ ਜਾਣ ’ਤੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬੈਠਕ ਵਿਚ ਹਿੱਸਾ ਲੈਣ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਮੌਜੂਦ ਨਾ ਰਹਿਣ ਨਾਲ ਆਪੋਜ਼ੀਸ਼ਨ ਏਕਤਾ ਨੂੰ ਧੱਕਾ ਤਾਂ ਨਹੀਂ ਲੱਗਾ, ਕਾਮਰੇਡ ਰਾਜਾ ਨੇ ਕਿਹਾਮੈਂ ਇਸ ਨੂੰ ਧੱਕਾ ਨਹੀਂ ਸਮਝਦਾ। ਇਕ ਤਰ੍ਹਾਂ ਨਾਲ ਇਸ ਨੂੰ ਹਾਂ-ਪੱਖੀ ਵੀ ਸਮਝਣਾ ਚਾਹੀਦਾ ਹੈ, ਕਿਉਕਿ ਅਸੀਂ ਸਾਰੀਆਂ ਆਜ਼ਾਦ ਪਾਰਟੀਆਂ ਹਾਂ, ਕੁਝ ਮੁੱਦਿਆਂ ’ਤੇ ਵਿਚਾਰਾਂ ’ਚ ਛੋਟਾ-ਮੋਟਾ ਵਖਰੇਵਾਂ ਹੋ ਸਕਦਾ ਹੈ, ਪਰ ਅਸੀਂ ਇਸ ਨੂੰ ਦੂਰ ਕਰਦੇ ਜਾ ਰਹੇ ਹਾਂ ਤੇ ਅਸੀਂ ਇਕੱਠਿਆਂ ਚੱਲਣ ਦਾ ਫੈਸਲਾ ਕੀਤਾ ਹੈ। ਅਸੀਂ ਸਾਰੇ ਸਮਝਦੇ ਹਾਂ ਕਿ ਦੇਸ਼ ਚੁਣੌਤੀਆਂ ਦੇ ਦੌਰ ’ਚੋਂ ਲੰਘ ਰਿਹਾ ਹੈ ਅਤੇ ਸੰਵਿਧਾਨ, ਜਮਹੂਰੀਅਤ, ਸੈਕੂਲਰਿਜ਼ਮ ਤੇ ਦੇਸ਼ ਦੀ ਵਿਭਿੰਨਤਾ ਹਮਲੇ ਹੇਠ ਹਨ।
ਕਾਮਰੇਡ ਰਾਜਾ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਤੇ ਮਾਨ ਨੇ ਜਹਾਜ਼ ਫੜਨੇ ਸਨ, ਇਸ ਕਰਕੇ ਉਹ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਨਿਕਲ ਗਏ। ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਪੂਰੀ ਬੈਠਕ ਵਿਚ ਮੌਜੂਦ ਰਹੇ। ਇਹ ਪੁੱਛੇ ਜਾਣ ’ਤੇ ਕਿ ਕੀ ਆਮ ਆਦਮੀ ਪਾਰਟੀ ਭਾਜਪਾ ਵਿਰੋਧੀ ਗੱਠਜੋੜ ਦਾ ਹਿੱਸਾ ਬਣੇਗੀ, ਕਾਮਰੇਡ ਰਾਜਾ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਨੇ ਕਰਨਾ ਹੈ।
ਭਾਜਪਾ ਵੱਲੋਂ ਆਪੋਜ਼ੀਸ਼ਨ ਦੀ ਬੈਠਕ ਨੂੰ ਮੌਕਾਪ੍ਰਸਤਾਂ ਦੀ ਮਿਲਣੀ ਕਹਿਣ ’ਤੇ ਕਾਮਰੇਡ ਰਾਜਾ ਨੇ ਕਿਹਾ ਕਿ ਕਰਨਾਟਕ ਦੇ ਲੋਕਾਂ ਵੱਲੋਂ ਝਟਕਾ ਦੇਣ ਤੋਂ ਬਾਅਦ ਭਾਜਪਾ ਬੌਂਦਲ ਗਈ ਹੈ। ਉਸ ਨੂੰ ਪਤਾ ਹੈ ਕਿ ਦੇਸ਼ ਵਿਚ ਲੋਕ ਉਸ ਤੋਂ ਉਪਰਾਮ ਹਨ ਤੇ ਕਰਨਾਟਕ ਤੋਂ ਬਾਅਦ ਉਸ ਦੇ ਕੌਮੀ ਪੱਧਰ ’ਤੇ ਹਾਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸੇ ਕਰਕੇ ਉਹ ਆਪੋਜ਼ੀਸ਼ਨ ਪਾਰਟੀਆਂ ਨੂੰ ਗਾਲ੍ਹਾਂ ਕੱਢ ਰਹੀ ਹੈ।
ਆਪੋਜ਼ੀਸ਼ਨ ਪਾਰਟੀਆਂ ਨੂੰ ਬਿਨਾਂ ਲਾੜੇ ਦੀ ਜੰਞ ਦੱਸਣ ’ਤੇ ਕਾਮਰੇਡ ਰਾਜਾ ਨੇ ਕਿਹਾ ਕਿ ਭਾਜਪਾ ਨੂੰ ਅਜਿਹੇ ਬੇਤੁਕੇ ਬਿਆਨ ਨਹੀਂ ਦੇਣੇ ਚਾਹੀਦੇ।
ਦੇਸ਼ ਜਾਣਦਾ ਹੈ ਕਿ ਜਦੋਂ 1990ਵਿਆਂ ਵਿਚ ਸਾਂਝੇ ਮੋਰਚੇ ਦੀ ਸਰਕਾਰ ਬਣੀ ਸੀ ਤਾਂ ਕਿਵੇਂ ਐੱਚ ਦੀ ਦੇਵੇਗੌੜਾ ਤੇ ਆਈ ਕੇ ਗੁਜਰਾਲ ਪ੍ਰਧਾਨ ਮੰਤਰੀ ਚੁਣੇ ਗਏ ਸਨ। ਮੌਕਾ ਆਉਣ ’ਤੇ ਪਾਰਟੀਆਂ ਪ੍ਰਧਾਨ ਮੰਤਰੀ ਦਾ ਸਮੂਹਕ ਤੌਰ ’ਤੇ ਫੈਸਲਾ ਕਰ ਲੈਣਗੀਆਂ।



