ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ’ਤੇ ਵਰ੍ਹਦਿਆਂ ਦਿਨ-ਦਿਹਾੜੇ ਲੁੱਟਖੋਹ ਦੀ ਘਟਨਾ ਦੇ ਮੱਦੇਨਜ਼ਰ ਉਨ੍ਹਾ ਦੇ ਅਸਤੀਫੇ ਦੀ ਮੰਗ ਕੀਤੀ। ਟਵਿੱਟਰ ’ਤੇ ਘਟਨਾ ਦੀ ਵੀਡੀਓ ਸਾਂਝੀ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸਥਾਨਕ ਸਰਕਾਰ ਨੂੰ ਸੌਂਪੀ ਜਾਣੀ ਚਾਹੀਦੀ ਹੈ।
ਉਨ੍ਹਾ ਕਿਹਾ ਕਿ ਉਪ ਰਾਜਪਾਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਜਿਹੇ ਵਿਅਕਤੀ ਨੂੰ ਉਪ ਰਾਜਪਾਲ ਬਣਾਇਆ ਜਾਣਾ ਚਾਹੀਦਾ ਹੈ, ਜੋ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਦੇ ਸਕੇ। ਵੀਡੀਓ ’ਚ ਕੁਝ ਹਥਿਆਰਬੰਦ ਵਿਅਕਤੀ ਸ਼ਹਿਰ ਦੇ ਮੱਧ ’ਚ ਪ੍ਰਗਤੀ ਮੈਦਾਨ ਖੇਤਰ ’ਚ ਅੰਡਰਪਾਸ ਦੇ ਅੰਦਰ ਕਾਰ ਨੂੰ ਰੋਕਦੇ ਅਤੇ ਬੰਦੂਕ ਦਿਖਾ ਕੇ ਇਸ ’ਚ ਬੈਠੇ ਲੋਕਾਂ ਨੂੰ ਲੁੱਟਦੇ ਦਿਖਾਈ ਦੇ ਰਹੇ ਹਨ। ਪੁਲਸ ਮੁਤਾਬਕ ਸ਼ਨਿਚਰਵਾਰ ਨੂੰ ਪ੍ਰਗਤੀ ਮੈਦਾਨ ਅੰਡਰਪਾਸ ਦੇ ਅੰਦਰ ਚਾਰ ਅਣਪਛਾਤੇ ਵਿਅਕਤੀਆਂ ਨੇ ਡਿਲੀਵਰੀ ਏਜੰਟ ਅਤੇ ਉਸ ਦੇ ਸਾਥੀ ਤੋਂ ਦੋ ਲੱਖ ਰੁਪਏ ਲੁੱਟੇ। ਉਹ ਉਸ ਵੇਲੇ ਰਕਮ ਲੈ ਕੇ ਕੈਬ ਰਾਹੀਂ ਗੁਰੂਗ੍ਰਾਮ ਜਾ ਰਹੇ ਸਨ।


