2014 ਦੀਆਂ ਲੋਕ ਸਭਾ ਚੋਣਾਂ ਸਮੇਂ ਮੋਦੀ ਨੇ ਗੁਜਰਾਤ ਮਾਡਲ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਸੀ। ਉਸ ਨੇ ਕਿਹਾ ਸੀ ਕਿ ਜੇਕਰ ਲੋਕ ਉਸ ਨੂੰ ਵੋਟਾਂ ਪਾ ਕੇ ਕੇਂਦਰ ਦੀ ਰਾਜ ਗੱਦੀ ਸੌਂਪ ਦੇਣ ਤਾਂ ਉਹ ਸਮੁੱਚੇ ਦੇਸ਼ ਨੂੰ ਗੁਜਰਾਤ ਵਰਗਾ ਬਣਾ ਦੇਵੇਗਾ।
ਮੋਦੀ ਦਾ ਕਹਿਣਾ ਗਲਤ ਨਹੀਂ ਸੀ। ਭਾਜਪਾ ਦਾ 20 ਸਾਲਾਂ ਤੋਂ ਗੁਜਰਾਤ ਵਿੱਚ ਰਾਜ ਚੱਲ ਰਿਹਾ ਹੈ। ਮੋਦੀ ਦੀ ਅਗਵਾਈ ਵਿੱਚ ਗੁਜਰਾਤ ਨੇ ਜਿਹੜਾ ਵਿਕਾਸ ਕੀਤਾ, ਅਸੀਂ ਉਸ ਦੀ ਅਸਲ ਸਚਾਈ ਪੇਸ਼ ਕਰ ਰਹੇ ਹਾਂ।
ਭਾਜਪਾ ਦੀ ਵਿਚਾਰਧਾਰਾ ਮਨੂੰਵਾਦ ਤੋਂ ਪ੍ਰੇਰਤ ਹੈ। ਇਸ ਅਨੁਸਾਰ ਭਾਜਪਾ ਅੱਗੇ ਵਧਣ ਦੀ ਥਾਂ ਇਤਿਹਾਸ ਦਾ ਪਹੀਆ ਪੁੱਠਾ ਗੇੜਨਾ ਚਾਹੁੰਦੀ ਹੈ। ਗੁਜਰਾਤ ਵਿੱਚ ਸੱਤਾ ਹਾਸਲ ਕਰਨ ਤੋਂ ਬਾਅਦ ਉਸ ਨੇ ਆਪਣੀ ਵਿਚਾਰਧਾਰਾ ਨੂੰ ਅਮਲੀ ਰੂਪ ਦੇਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਤੇ ਨਾਲ ਦੀ ਨਾਲ ਜਾਤੀ ਪ੍ਰਥਾ ਨੂੰ ਮਜ਼ਬੂਤ ਕਰਕੇ ਦਲਿਤਾਂ ਨਾਲ ਗੁਲਾਮਾਂ ਵਰਗਾ ਵਿਹਾਰ ਕਰਨ ਦੀ ਉੱਚ ਜਾਤਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ। ਇਹੋ ਕਾਰਨ ਹੈ ਕਿ ਅੱਜ ਗੁਜਰਾਤ ਵਿੱਚ ਮੁੱਛਾਂ ਨੂੰ ਤਾਅ ਦੇਣ, ਘੋੜੇ ਦੀ ਸਵਾਰੀ ਕਰਨ ਤੇ ਇੱਥੋਂ ਤੱਕ ਕਿ ਚੰਗੇ ਕੱਪੜੇ ਪਾ ਲੈਣ ਦੀ ਵੀ ਦਲਿਤਾਂ ਲਈ ਮਨਾਹੀ ਹੈ।
ਪਿੰਡਾਂ ਵਿੱਚ ਦਲਿਤਾਂ ਨਾਲ ਅਜਿਹਾ ਵਿਹਾਰ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਲਈ ਸਨਮਾਨਜਨਕ ਜੀਵਨ ਜਿਊਣਾ ਦੁੱਭਰ ਹੋ ਚੁੱਕਾ ਹੈ। ਪਿੰਡਾਂ ਦਾ ਹਰ ਕਾਨੂੰਨ ਰਾਜਪੂਤ ਤੇ ਬਾਕੀ ਉੱਚ ਜਾਤਾਂ ਦੀ ਮਨਮਰਜ਼ੀ ਨਾਲ ਚਲਦਾ ਹੈ।
ਮੋਟਾ ਨਾਂਅ ਦੇ ਪਿੰਡ ਵਿੱਚ ਦੋ ਹਜ਼ਾਰ ਘਰ ਹਨ। ਇਨ੍ਹਾਂ ਵਿੱਚੋਂ 100 ਘਰ ਦਲਿਤਾਂ ਤੇ ਬਾਕੀ ਰਾਜਪੂਤਾਂ ਤੇ ਠਾਕੁਰਾਂ ਦੇ ਹਨ। ਪਿੰਡ ਦੇ ਦਲਿਤ ਪਰਵਾਰਾਂ ਦੇ ਹਰ ਘਰ ਦਾ ਇੱਕ ਵਿਅਕਤੀ ਸਰਕਾਰੀ ਨੌਕਰੀ ਜਾਂ ਫੌਜ ਵਿੱਚ ਹੈ। ਇਸ ਕਰਕੇ ਇਨ੍ਹਾਂ ਦੀ ਆਰਥਕ ਹਾਲਤ ਚੰਗੀ ਹੈ। ਇਹੋ ਗੱਲ ਉੱਚ ਜਾਤਾਂ ਦੇ ਲੋਕਾਂ ਨੂੰ ਚੁੱਭਦੀ ਹੈ। ਇਹ ਦਲਿਤ ਜਦੋਂ ਕੋਈ ਆਪਣਾ ਸ਼ੌਕ ਪੂਰਾ ਕਰਦੇ ਹਨ ਤਾਂ ਉਨ੍ਹਾਂ ਲਈ ਮੁਸੀਬਤ ਬਣ ਜਾਂਦਾ ਹੈ। 21 ਸਾਲਾ ਜਿਗਰਭਾਈ ਉਤੇ ਪਿੰਡ ਦੇ 7 ਰਾਜਪੂਤਾਂ ਨੇ ਹਮਲਾ ਕਰ ਦਿੱਤਾ। ਕਾਰਨ ਇਹ ਸੀ ਕਿ ਪਿੰਡੋਂ ਨੌਕਰੀ ਦੇ ਜਾਣ ਸਮੇਂ ਉਸ ਨੇ ਚਸ਼ਮਾ ਲਾ ਲਿਆ ਸੀ। ਜਦੋਂ ਜਿਗਰਭਾਈ ਨੂੰ ਛੁਡਾਉਣ ਲਈ ਉੁਸ ਦੀ ਮਾਂ ਤੇ ਭਰਾ ਆਏ ਤਾਂ ਦਬੰਗਾਂ ਨੇ ਉਨ੍ਹਾਂ ਉੱਤੇ ਵੀ ਹਮਲਾ ਕਰ ਦਿੱਤਾ। ਇਸ ਘਟਨਾ ਵਿਰੁੱਧ ਜਦੋਂ ਪਰਵਾਰ ਨੇ ਥਾਣੇ ਰਪਟ ਦਰਜ ਕਰਾਈ ਤਾਂ ਦੂਜੇ ਪਾਸਿਓਂ ਇੱਕ ਦੋਸ਼ੀ ਦੀ ਪਤਨੀ ਨੇ ਜਿਗਰਭਾਈ, ਭੂਪਤਭਾਈ ਤੇ ਦੋ ਹੋਰ ਵਿਅਕਤੀਆਂ ਵਿਰੁੱਧ ਇਹ ਦਰਖਾਸਤ ਦੇ ਦਿੱਤੀ ਕਿ ਉਹ ਮੇਰੇ ਵੱਲ ਮਾੜੀ ਨਜ਼ਰ ਨਾਲ ਦੇਖਦੇ ਸਨ। ਜਵਾਬੀ ਰਪਟ ਦਰਜ ਹੋਣ ਤੋਂ ਬਾਅਦ ਜਿਗਰਭਾਈ ਨੂੰ ਪਿੰਡ ਛੱਡ ਕੇ ਫਰਾਰ ਹੋਣਾ ਪਿਆ ਹੈ, ਜਦੋਂ ਕਿ ਉਸ ਉੱਤੇ ਹਮਲਾ ਕਰਨ ਵਾਲੇ ਅਜ਼ਾਦ ਘੁੰਮ ਰਹੇ ਹਨ, ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਦੀ ਪੁਲਸ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਗੁਜਰਾਤ ਵਿੱਚ ਜਾਤੀ ਭੇਦਭਾਵ ਇਸ ਕਦਰ ਹਾਵੀ ਹੋ ਚੁੱਕਾ ਹੈ ਕਿ ਪੁਲਸ ਤੇ ਪ੍ਰਸ਼ਾਸਨ ਵੀ ਇਸ ਤੋਂ ਅਛੂਤੇ ਨਹੀਂ ਰਹੇ।
ਹਾਲਾਤ ਏਨੇ ਵਿਗੜ ਚੁੱਕੇ ਹਨ ਕਿ ਕਈ ਪਿੰਡਾਂ ਵਿੱਚ ਸ਼ਾਦੀ ਮੌਕੇ ਲਾੜਾ ਪਗੜੀ ਵੀ ਨਹੀਂ ਬੰਨ੍ਹ ਸਕਦਾ। ਡੀ ਜੇ ਵਜਾਉਣ ਦੀ ਤਾਂ ਬਿਲਕੁਲ ਮਨਾਹੀ ਹੈ।
ਮੋਦੀ ਤੇ ਉਸ ਦੀ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੜਕਾਂ, ਸਨਅਤਾਂ ਲਾਉਣ ਤੇ ਬੁਲਟ ਟਰੇਨ ਦੇ ਸੁਫ਼ਨੇ ਦਿਖਾਉਣ ਨਾਲ ਹੀ ਕੋਈ ਰਾਜ ਆਦਰਸ਼ ਰਾਜ ਨਹੀਂ ਬਣ ਜਾਂਦਾ। ਸਮਾਜ ਦੇ ਹਰ ਵਿਅਕਤੀ ਨੂੰ ਸਮਾਨ ਅਧਿਕਾਰ ਹੀ ਕਿਸੇ ਰਾਜ ਨੂੰ ਆਦਰਸ਼ ਰਾਜ ਬਣਾ ਸਕਦੇ ਹਨ। ਸੱਚ ਇਹ ਹੈ ਕਿ ਭਾਜਪਾ ਦੇ 20 ਸਾਲਾ ਰਾਜ ਨੇ ਗੁਜਰਾਤ ਨੂੰ ਅੱਗੇ ਨਹੀਂ ਪਿੱਛੇ ਧੱਕ ਦਿੱਤਾ ਹੈ।



