ਦੁੱਖਾਂ ਦਾ ਅੰਤ ਨਹੀਂ ਹੋ ਰਿਹਾ

0
201

ਭੁਬਨੇਸ਼ਵਰ : ਓਡੀਸ਼ਾ ’ਚ 2 ਜੂਨ ਦੇ ਰੇਲ ਹਾਦਸੇ ਦੇ ਪੀੜਤਾਂ ਦੇ ਪਰਵਾਰਾਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ, ਕਿਉਂਕਿ ਹਾਦਸੇ ਦੇ ਚਾਰ ਹਫਤਿਆਂ ਬਾਅਦ ਵੀ ਉਹ ਆਪਣੇ ਕਰੀਬੀਆਂ ਦੀਆਂ ਲਾਸ਼ਾਂ ਲੈਣ ਲਈ ਇੰਤਜ਼ਾਰ ਕਰ ਰਹੇ ਹਨ। ਹਾਦਸੇ ’ਚ ਕਰੀਬ 300 ਜਾਨਾਂ ਗਈਆਂ ਸਨ। ਬਿਹਾਰ ਦੇ ਬੇਗੂਸਰਾਏ ਦੇ ਪਿੰਡ ਬਾਰੀ-ਬਲੀਆ ਦੀ ਬਸੰਤੀ ਦੇਵੀ ਆਪਣੇ ਪਤੀ ਦੀ ਲਾਸ਼ ਦਾ ਦਾਅਵਾ ਕਰਨ ਲਈ 10 ਦਿਨਾਂ ਤੋਂ ਏਮਜ਼ ਦੇ ਨੇੜੇ ਗੈੱਸਟ ਹਾਊਸ ਵਿਚ ਹੈ। ਉਸ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਨੇ ਉਸ ਨੂੰ ਹਾਲੇ ਤੱਕ ਨਹੀਂ ਦੱਸਿਆ ਕਿ ਲਾਸ਼ ਕਦੋਂ ਮਿਲੇਗੀ। ਅਜਿਹਾ ਹਾਲ ਪੂਰਨੀਆਂ ਦੇ ਰਹਿਣ ਵਾਲੇ ਨਰਾਇਣ ਰਿਸ਼ੀਦੇਵ ਦਾ ਹੈ, ਜੋ 4 ਜੂਨ ਤੋਂ ਆਪਣੇ ਪੋਤੇ ਸੂਰਜ ਕੁਮਾਰ ਦੀ ਲਾਸ਼ ਲੈਣ ਦਾ ਇੰਤਜ਼ਾਰ ਕਰ ਰਿਹਾ ਹੈ। ਦਸਵੀਂ ਪਾਸ ਕਰਨ ਤੋਂ ਬਾਅਦ ਸੂਰਜ ਨੌਕਰੀ ਦੀ ਭਾਲ ਵਿਚ ਚੇਨਈ ਜਾ ਰਿਹਾ ਸੀ। ਅਧਿਕਾਰੀਆਂ ਨੇ ਪਹਿਲਾਂ ਹੀ ਉਸ ਦਾ ਡੀ ਐੱਨ ਏ ਸੈਂਪਲ ਲਿਆ ਹੈ, ਪਰ ਰਿਪੋਰਟ ਆਉਣੀ ਬਾਕੀ ਹੈ। ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੇ ਸ਼ਿਵਕਾਂਤ ਰਾਏ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਪੁਲ ਜੂਨ ਦੇ ਅੰਤ ’ਚ ਆਪਣੇ ਵਿਆਹ ਲਈ ਤਿਰੂਪਤੀ ਤੋਂ ਘਰ ਪਰਤ ਰਿਹਾ ਸੀ। ਬੇਟੇ ਦੀ ਲਾਸ਼ ਨੂੰ ਕੇ ਆਈ ਐੱਮ ਐੱਸ ਹਸਪਤਾਲ ’ਚ ਰੱਖਿਆ ਗਿਆ ਸੀ, ਪਰ ਉਹ ਉਸ ਨੂੰ ਬਾਲਾਸੋਰ ਹਸਪਤਾਲ ’ਚ ਲੱਭਦਾ ਰਿਹਾ। ਬਾਅਦ ’ਚ ਦੱਸਿਆ ਗਿਆ ਕਿ ਕੇ ਆਈ ਐੱਮ ਐੱਸ ਹਸਪਤਾਲ ਨੇ ਬਿਹਾਰ ਦੇ ਕਿਸੇ ਵਿਅਕਤੀ ਨੂੰ ਲਾਸ਼ ਸੌਂਪੀ, ਜੋ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਸਸਕਾਰ ਕੀਤਾ। ਇਸੇ ਤਰ੍ਹਾਂ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਰਾਜਕਾਲੀ ਦੇਵੀ ਆਪਣੇ ਪਤੀ ਦੀ ਲਾਸ਼ ਦੀ ਉਡੀਕ ਕਰ ਰਹੀ ਹੈ। 35 ਵਿਅਕਤੀਆਂ ਨੇ ਗੈੱਸਟ ਹਾਊਸ ’ਚ ਡੇਰੇ ਲਾਏ ਹਨ, ਜਦਕਿ 15 ਹੋਰ ਡੀ ਐੱਨ ਏ ਰਿਪੋਰਟਾਂ ਆਉਣ ’ਚ ਦੇਰੀ ਕਾਰਨ ਘਰ ਚਲੇ ਗਏ।

LEAVE A REPLY

Please enter your comment!
Please enter your name here