ਬੈਂਗਲੁਰੂ : ਕਰਨਾਟਕ ਹਾਈਕੋਰਟ ਨੇ ਮੈਸੂਰ ਚੰਦਨ ਸਾਬਣ ਘੋਟਾਲੇ ’ਚ ਰਿਸ਼ਵਤ ਦੇਣ ਵਾਲਿਆਂ ਵੱਲੋਂ ਦਾਖ਼ਲ ਦੋ ਪਟੀਸ਼ਨਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਰਿਸ਼ਵਤ ਲੈਣ ਵਾਲੇ ਦੀ ਤਰ੍ਹਾਂ ਰਿਸ਼ਵਤ ਦੇਣ ਵਾਲੇ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ, ਤਾਂ ਹੀ ਭਿ੍ਰਸ਼ਟਾਚਾਰ ਖ਼ਤਮ ਹੋ ਸਕਦਾ ਹੈ। ਜਸਟਿਸ ਐੱਮ ਨਾਗਪ੍ਰਸੰਨਾ ਨੇ 26 ਜੂਨ ਨੂੰ ਆਪਣੇ ਫੈਸਲੇ ’ਚ ਐੱਮ ਐੱਸ ਕਰਨਾਟਕ ਅਰੋਮਾਸ ਕੰਪਨੀ ਦੇ ਮਾਲਕ ਕੈਲਾਸ਼ ਐਮ ਰਾਜ, ਵਿਨੈ ਐੱਸ ਰਾਜ ਅਤੇ ਚੇਤਨ ਮਾਰਲੇਚਾ ਅਤੇ ਅਲਬਰਟ ਨਿਕੋਲਸ ਅਤੇ ਗੰਗਾਧਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪ੍ਰਸ਼ਾਂਤ ਕੁਮਾਰ ਐੱਮ ਵੀ ਦੇ ਦਫ਼ਤਰ ’ਚ ਇਨ੍ਹਾਂ ਸਾਰਿਆਂ ਕੋਲੋਂ 45-45 ਲੱਖ ਰੁਪਏ ਮਿਲੇ ਸਨ। ਪ੍ਰਸ਼ਾਂਤ ਭਾਰਤੀ ਜਨਤਾ ਪਾਰਟੀ ਦੇ ਤਤਕਾਲੀਨ ਵਿਧਾਇਕ ਅਤੇ ਮੈਸੂਰ ਚੰਦਨ ਸਾਬਣ ਦੇ ਨਿਰਮਾਤਾ ਕਰਨਾਟਕ ਸਾਬਣ ਅਤੇ ਡਿਟਾਰਜੈਂਟ ਲਿਮਟਿਡ ਦੇ ਪ੍ਰਧਾਨ ਮਦਲ ਵਿਰੂਪਕਸ਼ਪਾ ਦੇ ਪੁੱਤਰ ਹਨ। ਵਿਰੂਪਕਸ਼ਪਾ ਖਿਲਾਫ਼ ਸ਼ਿਕਾਇਤ ਤੋਂ ਬਾਅਦ ਲੋਕਾਯੁਕਤ ਪੁਲਸ ਨੇ ਉਨ੍ਹਾ ਦੇ ਪੁੱਤਰ ਪ੍ਰਸ਼ਾਂਤ ਦੇ ਦਫ਼ਤਰ ’ਤੇ ਛਾਪਾ ਮਾਰਿਆ। ਅਲਬਰਟ ਨਿਕੋਲਸ ਅਤੇ ਗੰਗਾਧਰ ਨੂੰ ਪ੍ਰਸ਼ਾਂਤ ਦੇ ਦਫ਼ਤਰ ’ਚ ਨਗਦੀ ਲੈ ਜਾਂਦੇ ਹੋਏ ਪਾਇਆ ਗਿਆ। ਇਸ ਮਾਮਲੇ ’ਚ ਦਰਜ ਇੱਕ ਸ਼ਿਕਾਇਤ ’ਚ ਇਨ੍ਹਾਂ ਦੋਵਾਂ ਦੇ ਨਾਲ-ਨਾਲ ਕਰਨਾਟਕ ਅਰੋਮਾਸ ਕੰਪਨੀ ਦੇ ਤਿੰਨ ਮਾਲਕਾਂ ਨੂੰ ਦੋਸ਼ੀ ਬਣਾਇਆ ਗਿਆ। ਇਹ ਉਹ ਮਾਮਲਾ ਹੈ, ਜਿਸ ਨੂੰ ਇਨ੍ਹਾਂ ਪੰਜਾਂ ਨੇ ਦੋ ਵੱਖ-ਵੱਖ ਪਟੀਸ਼ਨਾਂ ’ਚ ਚੁਣੌਤੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਜ਼ਬਤ ਕੀਤੀ ਗਈ ਰਕਮ ਰਿਸ਼ਵਤ ਸੀ, ਜੋ ਵਿਰੂਪਕਸ਼ਪਾ ਨੂੰ ਉਸ ਦੇ ਬੇਟੇ ਪ੍ਰਸ਼ਾਂਤ ਦੇ ਜ਼ਰੀਏ ਦਿੱਤੀ ਗਈ ਸੀ।
ਹਾਈਕੋਰਟ ਨੇ ਸੁਣਵਾਈ ਦੌਰਾਨ ਮਾਮਲਾ ਰੱਦ ਕਰਨ ਦੀ ਉਨ੍ਹਾ ਦੀ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਜਦ ਕਾਨੂੰਨ ਤੁਹਾਨੂੰ ਭਿ੍ਰਸ਼ਟ ਲੋਕਾਂ ਤੋਂ ਨਹੀਂ, ਬਲਕਿ ਭਿ੍ਰਸ਼ਟ ਲੋਕਾਂ ਨੂੰ ਤੁਹਾਡੇ ਤੋਂ ਬਚਾਉਂਦਾ ਹੈ ਤਾਂ ਜਾਣ ਜਾਓ ਕਿ ਦੇਸ਼ ਬਰਬਾਦ ਹੋ ਗਿਆ ਹੈ। ਅਦਾਲਤ ਨੇ ਕਿਹਾ ਕਿ ਇਹ ਪਤਾ ਲਾਉਣ ਲਈ ਜਾਂਚ ਜ਼ਰੂਰੀ ਹੈ ਕਿ ਦੋਵੇਂ ਨਗਦੀ ਕਿਉਂ ਲੈ ਜਾ ਰਹੇ ਸਨ। ਅਦਾਲਤ ਨੇ ਕਿਹਾ ਕਿ ਸਵਾਲ ਇਹ ਹੈ ਕਿ ਦੋਸ਼ੀ ਨੰਬਰ ਇੱਕ ਲੋਕ ਸੇਵਕ ਹਨ, ਉਸ ਦੇ ਨਿੱਜੀ ਦਫ਼ਤਰ ’ਚ ਦੋਸ਼ੀ ਕਿਉਂ ਬੈਠੇ ਸਨ। ਆਖਰ ਉਹ ਬੈਗ ’ਚ 45-45 ਲੱਖ ਰੁਪਏ ਦੀ ਨਗਦੀ ਲੈ ਕੇ ਦੋਸ਼ੀ ਨੰਬਰ ਇੱਕ ਦਾ ਇੰਤਜ਼ਾਰ ਕਿਉਂ ਕਰ ਰਹੇ ਸਨ। ਕੋਰਟ ਨੇ ਮੰਨਿਆ ਕਿ ਇਹ ਜਾਂਚ ਦਾ ਵਿਸ਼ਾ ਹੈ।




