ਮੁੰਬਈ : ਦੇਸ਼ ’ਚ ਮਾਨਸੂਨ ਕਾਰਨ ਕਈ ਇਲਾਕਿਆਂ ’ਚ ਜਨਜੀਵਨ ਠੱਪ ਹੋ ਗਿਆ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ’ਚ ਆਰੇਂਜ ਅਲਰਟ ਕੀਤਾ ਹੈ। ਮੁੰਬਈ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵੱਖ-ਵੱਖ ਥਾਵਾਂ ’ਤੇ ਘਟਨਾਵਾਂ ’ਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਐੱਨ ਸੀ ਆਰ ’ਚ ਵੀਰਵਾਰ ਸਵੇਰੇ ਕਈ ਇਲਾਕਿਆਂ ’ਚ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ ’ਚ ਗਿਰਾਵਟ ਆਈ। ਯੂ ਪੀ ’ਚ ਅਗਲੇ 2 ਦਿਨ ’ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅੱਪਡੇਟ ’ਚ ਇਹ ਵੀ ਕਿਹਾ ਗਿਆ ਕਿ ਅਗਲੇ ਦੋ ਦਿਨਾਂ ਦੌਰਾਨ ਦੇਸ਼ ਦੇ ਉੱਤਰ ਪੱਛਮ ਤੋਂ ਇਲਾਵਾ ਮੱਧ ਭਾਰਤ ਅਤੇ ਪੱਛਮ ਭਾਰਤ ’ਚ ਮਾਨਸੂਨ ਸਰਗਰਮ ਬਣਿਆ ਰਹੇਗਾ। ਨਾਲ ਹੀ ਇਹ ਵੀ ਕਿਹਾ ਕਿ ਦੱਖਣ ਪੱਛਮ ਮਾਨਸੂਨ ਦੇ ਵੀ ਅਗਲੇ ਦੋ ਦਿਨ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ’ਚ ਅੱਗੇ ਵਧਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਬਾਰਿਸ਼ ਹੋ ਰਹੀ ਹੈ, ਇਸ ’ਚ ਉਥੇ ਕਈ ਇਲਾਕਿਆਂ ’ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਮੌਸਮ ਵਿਭਾਗ ਨੇ 30 ਜੂਨ ਅਤੇ ਇੱਕ ਜੁਲਾਈ ਨੂੰ ਵੱਖ-ਵੱਖ ਸਥਾਨਾਂ ’ਤੇ ਮੱਧਮ ਤੋਂ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਹਿਮਾਚਲ ਦੇ ਸੋਲਨ ’ਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ-5 ’ਤੇ ਕੁਮਾਰਹੱਟੀ ਦੇ ਕੋਲ ਬਾਰਿਸ਼ ਕਾਰਨ ਪੰਜ ਮੰਜ਼ਲਾ ਇਮਾਰਤ ਡਿੱਗ ਗਈ। ਹਾਲਾਂਕਿ ਘਟਨਾ ਸਮੇਂ ਮਕਾਨ ’ਚ ਕੋਈ ਨਹੀਂ ਸੀ।




