ਲੰਘੇ ਸ਼ਨੀਵਾਰ ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲੇ੍ਹ ਦੇ ਇਕ ਪਿੰਡ ’ਚ ਮਹਿਲਾਵਾਂ ਦੀ ਅਗਵਾਈ ਵਾਲੀ ਭੀੜ ਨਾਲ ਟਾਕਰਾ ਹੋਣ ਤੋਂ ਬਾਅਦ ਫੌਜ ਨੇ ਸ਼ਾਂਤੀ ਬਹਾਲੀ ਲਈ ਆਪਣੇ ਅਪ੍ਰੇਸ਼ਨ ਦੌਰਾਨ ਪਾਬੰਦੀਸ਼ੁਦਾ ਬਾਗੀ ਗਰੁੱਪ ਕਾਂਗਲੇਈ ਯਾਵੋਲ ਕੰਨਾ ਲੁਪ ਦੇ ਫੜੇ 12 ਬਾਗੀ ਲੋਕਾਂ ਨੂੰ ਵਾਪਸ ਕਰ ਦਿੱਤਾ। ਇਨ੍ਹਾਂ ਵਿਚ ਇਕ 2015 ਵਿਚ 18 ਜਵਾਨਾਂ ਦੀ ਹੱਤਿਆ ਦਾ ਮਾਸਟਰ ਮਾਈਂਡ ਵੀ ਸੀ। ਫੌਜ ਨੇ ਬਾਅਦ ਵਿਚ ਕਿਹਾ ਕਿ ਇਹ ਸਿਆਣਾ ਫੈਸਲਾ ਕਿਸੇ ਵੱਡੇ ਜਾਨੀ ਨੁਕਸਾਨ ਨੂੰ ਟਾਲਣ ਕਰਕੇ ਕੀਤਾ ਗਿਆ। ਉਸੇ ਦਿਨ ਕੁਝ ਘੰਟੇ ਪਹਿਲਾਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਇਕ ਮੇਜਰ ਦੀ ਅਗਵਾਈ ਵਿਚ ਫੌਜੀਆਂ ਨੇ ਕਥਿਤ ਤੌਰ ’ਤੇ ਦੋ ਮਸਜਿਦਾਂ ਵਿਚ ਵੜ ਕੇ ਨਮਾਜ਼ੀਆਂ ਨੂੰ ਜੈ ਸ੍ਰੀ ਰਾਮ ਕਹਿਣ ਲਈ ਮਜਬੂਰ ਕੀਤਾ। ਕਸ਼ਮੀਰ ਦੀ ਘਟਨਾ ਬਾਰੇ ਫੌਜ ਨੇ ਅਜੇ ਤੱਕ ਖਾਮੋਸ਼ੀ ਧਾਰੀ ਹੋਈ ਹੈ, ਹਾਲਾਂਕਿ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਮੇਜਰ ਨੂੰ ਉਸ ਖੇਤਰ ਵਿੱਚੋਂ ਹਟਾ ਦਿੱਤਾ ਗਿਆ ਹੈ। ਇਕ ਰਿਟਾਇਰਡ ਬਿ੍ਰਗੇਡੀਅਰ ਨੇ ਹੈਰਾਨੀ ਪ੍ਰਗਟਾਉਦਿਆਂ ਸਵਾਲ ਕੀਤਾ ਹੈ ਕਿ ਜੇ ਕਸ਼ਮੀਰ ਵਿਚ ਮਿਲੀਟੈਂਟਾਂ ਨੂੰ ਛੁਡਾਉਣ ਲਈ ਲੋਕਾਂ ਨੇ ਫੌਜ ਨੂੰ ਘੇਰਿਆ ਹੁੰਦਾ ਤਾਂ ਕੀ ਭਾਣਾ ਵਰਤਦਾ? ਕਸ਼ਮੀਰ ਵਿਚ ਤਾਂ ਫੌਜ ਮਾਰੇ ਗਏ ਮਿਲੀਟੈਂਟਾਂ ਦੀਆਂ ਲਾਸ਼ਾਂ ਦਫਨਾਉਣ ਲਈ ਉਨ੍ਹਾਂ ਦੇ ਪਰਵਾਰਾਂ ਨੂੰ ਨਹੀਂ ਸੌਂਪਦੀ। ਫੌਜ ਉਥੇ ਪ੍ਰੋਟੈੱਸਟ ਕਰਨ ਵਾਲਿਆਂ ਨਾਲ ਹਮੇਸ਼ਾ ਸਖਤੀ ਹੀ ਵਰਤਦੀ ਹੈ। ਰਿਟਾਇਰਡ ਬਿ੍ਰਗੇਡੀਅਰ ਮੁਤਾਬਕ ਮਨੀਪੁਰ ਵਾਲੀ ਘਟਨਾ ਪ੍ਰਤੀ ਫੌਜ ਦਾ ਜੋ ਰਵੱਈਆ ਦੇਖਣ ਨੂੰ ਆਇਆ, ਕਸ਼ਮੀਰ ਵਿਚ ਨਜ਼ਰ ਨਹੀਂ ਸੀ ਆਉਣਾ। ਮਨੀਪੁਰ ਵਿਚ ਪਿਛਲੇ 50 ਦਿਨਾਂ ਤੋਂ ਘੱਟੋ-ਘੱਟ 130 ਲੋਕ ਮਾਰੇ ਜਾ ਚੁੱਕੇ ਹਨ ਤੇ 60 ਹਜ਼ਾਰ ਬੇਘਰ ਹੋ ਚੁੱਕੇ ਹਨ, ਅਮਨ-ਕਾਨੂੰਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ ਤੇ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪ ਹੈ। ਉਹ ਦੇਸ਼-ਭਰ ਵਿਚ ਘੁੰਮਦਾ ਰਿਹਾ ਹੈ, ਅਮਰੀਕਾ ਤੇ ਮਿਸਰ ਦਾ ਦੌਰਾ ਕਰਕੇ ਆ ਗਿਆ ਤੇ ਮੰਗਲਵਾਰ ਭੋਪਾਲ ’ਚ ਪੰਜ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਵੀ ਦਿਖਾ ਦਿੱਤੀ, ਪਰ ਮਨੀਪੁਰ ਬਾਰੇ ਇਕ ਸ਼ਬਦ ਨਹੀਂ ਬੋਲਿਆ।
ਮੋਦੀ ਰਾਜ ਦੌਰਾਨ ਕੁਝ ਵੱਡੇ ਫੌਜੀ ਅਫਸਰਾਂ ਦੇ ਰੰਗ-ਢੰਗ ਬਾਰੇ ਰਿਟਾਇਰਡ ਅਫਸਰ ਸਵਾਲ ਉਠਾਉਦੇ ਆਏ ਹਨ। ਉਹ ਸਮਝਦੇ ਹਨ ਕਿ ਕੁਝ ਅਫਸਰ ਇਸ ਤਰ੍ਹਾਂ ਵਿਚਰਦੇ ਹਨ ਕਿ ਜਿਵੇਂ ਉਹ ਇਕ ਪਾਰਟੀ ਦਾ ਪੱਖ ਪੂਰ ਰਹੇ ਹੋਣ। ਰਿਟਾਇਰਡ ਕਰਨਲ ਅਸ਼ੋਕ ਕੁਮਾਰ ਸਿੰਘ ਨੇ ਟਵੀਟ ਕੀਤਾ ਹੈਜਿਹੜੇ ਮੇਜਰ ਨੇ ਮੁਸਲਮਾਨਾਂ ਤੋਂ ਜੈ ਸ੍ਰੀ ਰਾਮ ਦੇ ਨਾਅਰੇ ਲੁਆਏ, ਉਸ ਦਾ ਕੋਰਟ ਮਾਰਸ਼ਲ ਹੋਣਾ ਚਾਹੀਦਾ ਹੈ ਤੇ ਉਸ ਨੂੰ ਟਰਮੀਨੇਟ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਵਾਸੀ ਆਪਣੀ ਫੌਜ ’ਤੇ ਮਾਣ ਕਰਦੇ ਹਨ। ਮਨੀਪੁਰ ਵਾਂਗ ਕਸ਼ਮੀਰ ਵੀ ਦੇਸ਼ ਦਾ ਹਿੱਸਾ ਹੈ। ਫੌਜ ਸਾਰੇ ਦੇਸ਼ ਦੀ ਹੈ, ਇਸ ਕਰਕੇ ਉਸ ਨੂੰ ਅਜਿਹੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ, ਜਿਸ ਨਾਲ ਲੋਕਾਂ ਵਿਚ ਸੰਸੇ ਪੈਦਾ ਹੋਣ। ਜੇ ਉਸ ਨੇ ਮਨੀਪੁਰ ਦੇ ਲੋਕਾਂ ਨੂੰ ਆਪਣੇ ਸਮਝ ਕੇ ਕੋਈ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਹੈ ਤਾਂ ਕਸ਼ਮੀਰ ਦੇ ਲੋਕਾਂ ਪ੍ਰਤੀ ਵੀ ਉਸੇ ਤਰ੍ਹਾਂ ਦਾ ਵਿਹਾਰ ਕਰਨਾ ਚਾਹੀਦਾ ਹੈ।



