ਪਟਿਆਲਾ : ਸ਼ੁੱਕਰਵਾਰ ਇੱਥੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਸੰਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐੱਸ.ਸੀ./ਬੀ.ਸੀ., ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ‘ਤੇ ਆਧਾਰਤ ਸਾਂਝੀ ਐਕਸ਼ਨ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਪੀ.ਆਰ.ਟੀ.ਸੀ. ਦੇ ਸਮੁੱਚੇ ਵਰਕਰਾਂ ਨੂੰ ਅਤੇ ਪੈਨਸ਼ਨਰਾਂ ਨੂੰ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਨਾ ਕਰਨ ਵਿਰੁੱਧ, ਮੈਨੇਜਮੈਂਟ ਦੀਆਂ ਮਨਮਾਨੀਆਂ, ਦੁਰਪ੍ਰਬੰਧ, ਨਾਕਾਮੀਆਂ, ਵਰਕਰਾਂ ਵਿਰੁੱਧ ਨਿਰਦਈ ਵਤੀਰੇ ਅਤੇ ਵਿੱਤੀ ਬੇਨਿਯਮੀਆਂ ਆਦਿ ਮਸਲਿਆਂ ਨੂੰ ਲੈ ਕੇ ਗੰਭੀਰ ਬਣੀ ਹੋਈ ਸਥਿਤੀ ਦੇ ਸੰਬੰਧ ਵਿੱਚ 11 ਜੁਲਾਈ ਨੂੰ ਪੀ.ਆਰ.ਟੀ.ਸੀ. ਪਟਿਆਲਾ ਦੇ ਮੁੱਖ ਦਫਤਰ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ |
ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਰਾਕੇਸ਼ ਕੁਮਾਰ ਦਤਾਰਪੁਰੀ, ਸੁੱਚਾ ਸਿੰਘ ਅਤੇ ਉੱਤਮ ਸਿੰਘ ਬਾਗੜੀ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੀ ਸਮੁੱਚੀ ਮੈਨੇਜਮੈਂਟ ਦੀਆਂ ਪ੍ਰਬੰਧਕੀ ਨਾਕਾਮੀਆਂ ਕਾਰਨ ਅਦਾਰੇ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਵਰਕਰਾਂ ਨੂੰ ਸਿਰਫ ਇਕੱਲੀ ਤਨਖਾਹ ਅਤੇ ਪੈਨਸ਼ਨ ਵੀ ਕਦੇ ਸਮੇਂ ਸਿਰ ਨਹੀਂ ਮਿਲੀ, ਜੇਕਰ ਤਨਖਾਹ ਪੈਨਸ਼ਨ ਦੀ ਅਦਾਇਗੀ ਕਰਨ ਲਈ ਪੈਸੇ ਦਾ ਪ੍ਰਬੰਧ ਵੀ ਹੋ ਜਾਂਦਾ ਹੈ ਤਾਂ ਵੀ ਮੈਨੇਜਮੈਂਟ ਅਦਾਇਗੀ ਨੂੰ ਤਰਜੀਹ ਨਹੀਂ ਦਿੰਦੀ, ਸਗੋਂ ਪਹਿਲਾਂ ਆਪਣੀ ਮਰਜ਼ੀ ਨਾਲ ਪ੍ਰਾਈਵੇਟਾਂ ਦੀਆਂ ਕਿਲੋਮੀਟਰ ਸਕੀਮ ਤਹਿਤ ਚੱਲਦੀਆਂ ਬੱਸਾਂ ਦੇ ਮਾਲਕਾਂ ਦੀ ਅਦਾਇਗੀ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ | ਅਜਿਹਾ ਕਰਨ ਲੱਗਿਆਂ ਪ੍ਰਬੰਧਕਾਂ ਵੱਲੋਂ ਹੱਡ ਭੰਨਵੀਂ ਔਖੀਆਂ ਹਾਲਤਾਂ ਵਿੱਚ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ | ਤਨਖਾਹ ਪੈਨਸ਼ਨ ਅਤੇ ਉਹਨਾਂ ਦੀਆਂ ਹੋਰ ਬਣਦੀਆਂ ਅਦਾਇਗੀਆਂ ਕੱਟ ਲਾ ਕੇ ਟੁਕੜੇ-ਟੁਕੜੇ ਕਰਕੇ ਦਿੱਤੀਆਂ ਜਾਂਦੀਆਂ ਹਨ, ਉਹ ਵੀ ਕਾਫੀ ਲੇਟ ਕਰਕੇ | ਮੈਨੇਜਮੈਂਟ ਸਰਕਾਰੀ ਮਾਲਕੀ ਵਾਲੀਆਂ ਬੱਸਾਂ ਪਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ, ਇਸ ਦੇ ਉਲਟ ਅਸਿੱਧੇ ਢੰਗ ਨਾਲ ਪ੍ਰਾਈਵੇਟ ਬੱਸ ਮਾਫੀਏ ਦੀ ਐਂਟਰੀ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੇ ਨਾਂਅ ਹੇਠ ਕਰਵਾਈ ਜਾ ਰਹੀ ਹੈ | ਨਵੇਂ ਬੱਸ ਸਟੈਂਡ ਦਾ ਪ੍ਰਬੰਧ ਠੀਕ ਨਾ ਹੋਣ ਕਾਰਨ ਪਬਲਿਕ ਮੁਸੀਬਤਾਂ ਝੇਲ ਰਹੀ ਹੈ | ਪੀ.ਆਰ.ਟੀ.ਸੀ. ਦੀ ਵਿੱਤੀ ਹਾਲਤ ਸੁਧਾਰਨ ਵੱਲ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ, ਮੈਨੇਜਿੰਗ ਡਾਇਰੈਕਟਰ ਹਫਤੇ ਵਿੱਚ ਇੱਕ ਵਾਰ ਮਸਾਂ ਹੀ ਦਫਤਰ ਆਉਂਦੇ ਹਨ ਜਿਸ ਕਰਕੇ ਅਦਾਰੇ ਦੀ ਕਾਰਗੁਜ਼ਾਰੀ ‘ਤੇ ਮਾੜਾ ਅਸਰ ਪੈ ਰਿਹਾ ਹੈ | ਪਿਛਲੇ ਸਮੇਂ ਵਿੱਚ 250 ਟਾਟਾ ਬੱਸਾਂ ਪਾ ਕੇ ਅਦਾਰੇ ਦਾ ਭਾਰੀ ਨੁਕਸਾਨ ਹੋਇਆ ਹੈ | ਇਸੇ ਤਰ੍ਹਾਂ ਹੁਣ ਇਲੈਕਟ੍ਰੀਕਲ ਗੱਡੀਆਂ ਪਾਉਣ ਦੀ ਚਰਚਿਤ ਯੋਜਨਾ ਵੀ ਅਦਾਰੇ ਦਾ ਨੁਕਸਾਨ ਕਰਨ ਦਾ ਸਬੱਬ ਬਣ ਸਕਦੀ ਹੈ, ਕਿਉਂਕਿ ਅਜਿਹੀਆਂ ਬੱਸਾਂ ਦੀ ਅਜੇ ਗੁਣਵਤਾ ਦੀ ਪਰਖ ਵੀ ਨਹੀਂ ਹੋਈ | ਕਰਮਚਾਰੀਆਂ ਦੀਆਂ ਕਾਨੂੰਨੀ ਤੌਰ ‘ਤੇ ਵਾਜਬ ਬਣਦੀਆਂ ਮੰਗਾਂ ਨੂੰ ਤਾਨਾਸ਼ਾਹੀ ਤਰੀਕੇ ਨਾਲ ਨਜ਼ਰ-ਅੰਦਾਜ਼ ਕੀਤਾ ਹੋਇਆ ਹੈ | ਮੈਨੇਜਮੈਂਟ ਵੱਲੋਂ ਤਾਇਨਾਤ ਕੀਤੇ ਗਏ ਮੁੱਖ ਲੇਖਾ ਅਫਸਰ ਵੱਲੋਂ ਵਿੱਤੀ ਪ੍ਰਬੰਧ ਨੂੰ ਉਲਝਾ ਦਿੱਤਾ ਗਿਆ ਹੈ | ਉਹਨਾਂ ਦੇ ਵਿੱਤੀ ਪ੍ਰਬੰਧ ਦੀ ਨਾਕਾਮੀ ਦਾ ਸਿੱਟਾ ਹੀ ਹੈ ਕਿ ਉਹ ਸਰਕਾਰ ਪਾਸੋਂ ਪੀ.ਆਰ.ਟੀ.ਸੀ. ਦਾ ਮੁਫਤ ਸਫਰ ਸਹੂਲਤਾਂ ਬਦਲੇ ਬਣਦਾ ਪੈਸਾ ਲਿਆਉਣ ਦਾ ਕੋਈ ਸਿਸਟਮ ਨਹੀਂ ਬਣਾ ਸਕੇ ਕਿਉਂਕਿ ਉਹਨਾ ਵੱਲੋਂ ਜ਼ਰੂਰੀ ਪੈਰਵਾਈ ਹੀ ਸਮੇਂ ਸਿਰ ਨਹੀਂ ਕੀਤੀ ਜਾਂਦੀ | ਮੁੱਖ ਲੇਖਾ ਅਫਸਰ ਵੱਲੋਂ ਵਰਕਰਾਂ ਦੇ ਛੋਟੇ-ਛੋਟੇ ਕੰਮਾਂ ਵਿੱਚ ਵੀ ਬੇਲੋੜੇ ਅੜਿੱਕੇ ਖੜੇ ਕਰਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ | ਉਹਨਾਂ ਦੀ ਸਮੁੱਚੀ ਕਾਰਜਸ਼ੈਲੀ ਤੋਂ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਦਾ ਇਸ ਅਦਾਰੇ ਨਾਲ ਕੋਈ ਦਿਲੀ ਲਗਾਓ ਨਹੀਂ, ਜਿਸ ਕਰਕੇ ਐਕਸ਼ਨ ਕਮੇਟੀ ਇਹ ਵੀ ਮੰਗ ਕਰਦੀ ਹੈ ਕਿ ਉਨ੍ਹਾਂ ਨੂੰ ਡੈਪੂਟੇਸ਼ਨ ਤੋਂ ਵਾਪਸ ਭੇਜਿਆ ਜਾਵੇ | ਐਕਸ਼ਨ ਕਮੇਟੀ ਨੇ ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਸਿੰਘ ਹਡਾਣਾ ਨੂੰ ਕਿਹਾ ਕਿ ਉਹ ਰੀਵਿਊ ਕਰਨ ਕਿ ਅਦਾਰੇ ਦੇ ਹਰ ਪੱਖ ਤੋਂ ਪ੍ਰਬੰਧ ਵਿੱਚ ਅਤੇ ਕਾਰਗੁਜ਼ਾਰੀ ਵਿੱਚ ਕੀ ਗੁਣਾਂਤਮਕ ਤਬਦੀਲੀ ਆਈ ਹੈ | ਉਹ ਇਹ ਵੀ ਵੇਖਣ ਕਿ ਕੰਟਰੈਕਟ ਅਤੇ ਆਊਟ ਸੋਰਸ ਵਰਕਰਾਂ ਨੂੰ ਪੱਕੇ ਕਰਨ ਲਈ ਪੀ.ਆਰ.ਟੀ.ਸੀ. ਦੇ ਰੂਲਜ਼ 1981 ਤਹਿਤ ਕਿਉਂ ਨਹੀਂ ਕਾਰਵਾਈ ਕੀਤੀ ਗਈ |
ਐਕਸ਼ਨ ਕਮੇਟੀ ਵਲੋਂ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਕਰਮਚਾਰੀ ਵਿਰੋਧੀ ਮਾਨਸਿਕਤਾ ਛੱਡ ਦੇਵੇ ਅਤੇ ਵਰਕਰਾਂ ਦੇ ਮਸਲਿਆਂ ਪ੍ਰਤੀ ਥੋੜ੍ਹਾ-ਬਹੁਤਾ ਸੰਵੇਦਨਸ਼ੀਲ ਤਰੀਕੇ ਨਾਲ ਵਿਵਹਾਰ ਕਰੇ, ਨਾ ਕਿ ਉਹਨਾਂ ਨੂੰ ਮਾਨਸਿਕ ਤਸੀਹੇ ਦਿੱਤੇ ਜਾਣ |




