ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਪੁਲਸ ਦੇ ਕਾਊਾਟਰ ਇੰਟੈਲੀਜੈਂਸ ਵਿੰਗ ਨੇ ਕੇਂਦਰੀ ਏਜੰਸੀ ਅਤੇ ਪੱਛਮੀ ਬੰਗਾਲ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਟਾਲਾ ਗੋਲੀ ਕਾਂਡ ਦੇ ਮੁੱਖ ਮੁਲਜ਼ਮ ਨੂੰ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ‘ਚ ਭਾਰਤ-ਭੂਟਾਨ ਬਾਰਡਰ ਤੋਂ ਗਿ੍ਫਤਾਰ ਕਰਕੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ | ਡੀ ਜੀ ਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗਿ੍ਫ਼ਤਾਰ ਕੀਤਾ ਗਿਆ 21 ਸਾਲਾ ਮੁਲਜ਼ਮ ਅਪਰਾਧਕ ਪਿਛੋਕੜ ਵਾਲਾ ਹੈ ਅਤੇ ਉਹ ਕਤਲ ਦੇ ਇੱਕ ਕੇਸ ਵਿੱਚ ਜ਼ਮਾਨਤ ‘ਤੇ ਰਿਹਾਅ ਸੀ | 24 ਜੂਨ ਨੂੰ ਬਟਾਲਾ ਦੀ ਲੱਕੜ ਮੰਡੀ ਵਿਖੇ ਰਾਜੀਵ ਮਹਾਜਨ, ਉਸ ਦੇ ਭਰਾ ਅਨਿਲ ਗੁਪਤਾ ਅਤੇ ਉਸ ਦੇ ਪੁੱਤਰ ਮਾਨਵ ਗੁਪਤਾ ਨੂੰ ਦੋ ਹਮਲਾਵਰਾਂ ਵੱਲੋਂ ਉਨ੍ਹਾਂ ਦੀ ਇਲੈਕਟ੍ਰਾਨਿਕਸ ਦੀ ਦੁਕਾਨ ‘ਚ ਦਾਖਲ ਹੋ ਕੇ ਉਨ੍ਹਾਂ ‘ਤੇ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਸੀ | ਡੀ ਜੀ ਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਾਰਾ ਮਡਿਊਲ ਵਿਦੇਸ਼ ਤੋਂ ਹੈਂਡਲ ਕੀਤਾ ਜਾ ਰਿਹਾ ਸੀ ਅਤੇ ਗਿ੍ਫਤਾਰ ਮੁਲਜ਼ਮ ਇਸ ਤਰ੍ਹਾਂ ਦੇ ਅਪਰਾਧ ਕਰਨ ਲਈ ਵਿਦੇਸ਼ੀ ਹੈਂਡਲਰਾਂ ਤੋਂ ਫੰਡ ਪ੍ਰਾਪਤ ਕਰ ਰਿਹਾ ਸੀ | ਐਸ ਐਸ ਪੀ ਬਟਾਲਾ ਅਸ਼ਵਨੀ ਗੋਤਿਆਲ ਨੇ ਦੱਸਿਆ ਕਿ ਪੁਲਸ ਵੱਖ-ਵੱਖ ਲੀਡਜ਼ ‘ਤੇ ਕੰਮ ਕਰ ਰਹੀ ਹੈ ਅਤੇ ਇਸ ਮਾਮਲੇ ‘ਚ ਬਾਕੀ ਦੋਸ਼ੀਆਂ ਨੂੰ ਫੜਨ ਲਈ ਯਤਨ ਜਾਰੀ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ |




