ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ, ਪ੍ਰਦੀਪ ਸ਼ਰਮਾ)-ਇਥੋਂ ਦੇ ਥਾਣਾ ਸਲੇਮ ਟਾਬਰੀ ਇਲਾਕੇ ਵਿਚਲੇ ਲਕਸ਼ਮੀ ਨਗਰ ‘ਚ ਪਰਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ ਗਿਆ | ਘਟਨਾ ਦਾ ਪਤਾ ਸ਼ੁੱਕਰਵਾਰ ਸਵੇਰੇ ਉਸ ਵੇਲੇ ਲੱਗਿਆ ਜਦੋਂ ਦੋਧੀ ਆਇਆ | ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲਿ੍ਹਆ ਤਾਂ ਉਸ ਨੇ ਇਸ ਦੀ ਸੂਚਨਾ ਗੁਆਂਢੀਆਂ ਨੂੰ ਦਿੱਤੀ | ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ | ਪੁਲਸ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਚਮਨ ਲਾਲ (70), ਉਸ ਦੀ ਪਤਨੀ ਸੁਰਿੰਦਰ ਕੌਰ (65) ਅਤੇ ਮਾਂ ਬੀਬੀ ਜੀਤੋ (95) ਵਜੋਂ ਹੋਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਜੋੜੇ ਦੇ ਚਾਰ ਪੁੱਤਰ ਹਨ ਤੇ ਵਿਦੇਸ਼ ‘ਚ ਹਨ | ਦੋ ਲਾਸ਼ਾਂ ਬੈੱਡ ‘ਤੇ ਅਤੇ ਇਕ ਫਰਸ਼ ‘ਤੇ ਪਈ ਮਿਲੀ | ਗੁਆਂਢੀਆਂ ਮੁਤਾਬਕ ਵੀਰਵਾਰ ਤਿੰਨੇ ਸਾਰਾ ਦਿਨ ਬਾਹਰ ਨਹੀਂ ਨਿਕਲੇ | ਇਸ ਤੋਂ ਲੱਗਦਾ ਹੈ ਕਿ ਕਤਲ ਪੰਜ ਜੁਲਾਈ ਨੂੰ ਕੀਤੇ ਗਏ | ਉਨ੍ਹਾਂ ਦੇ ਸਰੀਰਾਂ ‘ਤੇ ਚਾਕੂ ਦੇ ਨਿਸ਼ਾਨ ਵੀ ਮਿਲੇ | ਗੁਆਂਢੀਆਂ ਨੇ ਦੱਸਿਆ ਕਿ ਘਰ ਦੇ ਅੰਦਰੋਂ ਕੁੰਡੀਆਂ ਲੱਗੀਆਂ ਹੋਈਆਂ ਸਨ | ਬਾਹਰ ਜਾਣ ਦਾ ਹੋਰ ਰਾਹ ਨਹੀਂ ਹੈ | ਅਜਿਹੇ ਵਿਚ ਸਮਝ ਨਹੀਂ ਆ ਰਿਹਾ ਕਿ ਕਾਤਲ ਅੰਦਰ ਕਿਵੇਂ ਗਿਆ | ਘਰ ‘ਚ ਗੈਸ ਸਿਲੰਡਰ ਵੀ ਖੁੱਲ੍ਹਾ ਮਿਲਿਆ | ਸੂਤਰਾਂ ਮੁਤਾਬਕ ਪੁਲਸ ਚਾਰ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਸੀ |





