ਨਵੇਂ ਸੂਟਾਂ ਦਾ ਹੁਣ ਕੀ ਕਰੀਏ!

0
236

ਨਾਗਪੁਰ : ਬੇਬਾਕ ਟਿੱਪਣੀਆਂ ਲਈ ਜਾਣੇ ਜਾਂਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੀ ਚਲੰਤ ਸਿਆਸੀ ਸਥਿਤੀ ਨੂੰ ਲੈ ਕੇ ਸ਼ੁੱਕਰਵਾਰ ਕਿਹਾ ਕਿ ਜਿਨ੍ਹਾਂ ਨੂੰ ਮੰਤਰੀ ਬਣਨ ਦੀ ਤਾਂਘ ਸੀ , ਉਹ ਹੁਣ ਉਦਾਸ ਹਨ, ਕਿਉਂਕਿ ਮੈਦਾਨ ‘ਚ ਭੀੜ ਬਹੁਤ ਹੋ ਗਈ ਹੈ ਤੇ ਉਨ੍ਹਾਂ ਨੂੰ ਸੁਝ ਨਹੀਂ ਰਿਹਾ ਕਿ ਨਵੇਂ ਸਿਲਵਾਏ ਸੂਟਾਂ ਦਾ ਕੀ ਕਰੀਏ | ਨਾਗਪੁਰ ਵਿਦਿਆਪੀਠ ਸ਼ਿਕਸ਼ਣ ਮੰਚ ਵੱਲੋਂ ਆਯੋਜਤ ਪ੍ਰੋਗਰਾਮ ਵਿਚ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਵੱਲੋਂ ਪ੍ਰਸਤਾਵਤ ‘ਖੁਸ਼ ਰਹਿਣ ਦੇ ਸੂਚਕ ਅੰਕ’ ਦੇ ਸੰਕਲਪ ਦਾ ਜ਼ਿਕਰ ਕਰਦਿਆਂ ਕਿਹਾ—ਜੇ ਕੋਈ ਮੰਨਦਾ ਹੈ ਕਿ ਉਸਨੂੰ ਲੋੜ ਨਾਲੋਂ ਵੱਧ ਮਿਲ ਗਿਆ ਹੈ ਤਾਂ ਉਹ ਖੁਸ਼ ਤੇ ਸੰਤੁਸ਼ਟ ਰਹਿ ਸਕਦਾ ਹੈ | ਨਹੀਂ ਤਾਂ, ਕਾਰਪੋਰੇਟ ਇਸ ਗੱਲੋਂ ਨਾਖੁਸ਼ ਹਨ ਕਿ ਵਿਧਾਇਕ ਨਹੀਂ ਬਣ ਸਕੇ, ਵਿਧਾਇਕ ਇਸ ਗੱਲੋਂ ਔਖੇ ਹਨ ਕਿ ਮੰਤਰੀ ਨਹੀਂ ਬਣ ਸਕੇ, ਮੰਤਰੀ ਇਸ ਗੱਲੋਂ ਔਖੇ ਹਨ ਕਿ ਚੰਗਾ ਮੰਤਰਾਲਾ ਨਹੀਂ ਮਿਲਿਆ | ਅਤੇ ਹੁਣ ਜਿਹੜੇ ਮੰਤਰੀ ਬਣਨ ਵਾਲੇ ਸਨ ਉਹ ਔਖੇ ਹਨ ਕਿ ਕੀ ਉਨ੍ਹਾਂ ਦੀ ਵਾਰੀ ਆਏਗੀ ਵੀ, ਕਿਉਂਕਿ ਦਾਅਵੇਦਾਰ ਬਹੁਤ ਹੋ ਗਏ ਹਨ | ਉਨ੍ਹਾਂ ਨੇ ਸੂਟ ਸੁਆ ਲਏ ਸਨ | ਹੁਣ ਸੋਚ ਰਹੇ ਹਨ ਕਿ ਸੂਟਾਂ ਦਾ ਕੀ ਕਰੀਏ?
ਹਾਸੇ ਦਰਮਿਆਨ ਗਡਕਰੀ ਨੇ ਕਿਹਾ ਕਿ ਪ੍ਰੋਗਰਾਮ ਵਾਲੇ ਹਾਲ ਦੀ ਸਮਰੱਥਾ 2200 ਸਰੋਤਿਆਂ ਦੀ ਹੈ ਤੇ ਹੋਰ ਵੀ ਕਾਫੀ ਐਡਜਸਟ ਹੋ ਸਕਦੇ ਹਨ ਪਰ ਵਜ਼ਾਰਤ ਦਾ ਆਕਾਰ ਨਹੀਂ ਵਧਾਇਆ ਜਾ ਸਕਦਾ | 2 ਜੁਲਾਈ ਨੂੰ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਤੇ ਉਨ੍ਹਾ ਦੇ 8 ਹੋਰ ਸਾਥੀਆਂ ਵੱਲੋਂ ਮੰਤਰੀਆਂ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪੋਜ਼ੀਸ਼ਨ ਆਗੂ ਕਹਿ ਰਹੇ ਹਨ ਕਿ ਹੁਣ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉਸਦੀ ਇਤਿਹਾਦੀ ਭਾਜਪਾ ਦੇ ਉਹ ਵਿਧਾਇਕ ਦੁਖੀ ਹਨ, ਜਿਹੜੇ ਮੰਤਰੀ ਬਣਨ ਦੀ ਆਸ ਲਾਈ ਬੈਠੇ ਸਨ |

LEAVE A REPLY

Please enter your comment!
Please enter your name here