ਕੈਲਗਰੀ : ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪੀ ਵੀ ਸਿੰਧੂ ਅਤੇ ਲਕਸ਼ ਸੇਨ ਕੈਨੇਡਾ 500 ਸੁਪਰ ਮੈਡਮਿੰਟਨ ਟੂਰਨਾਮੈਂਟ ’ਚ ਸੈਮੀਫਾਈਨਲ ’ਚ ਪਹੁੰਚ ਗਏ। ਓਲੰਪਿਕ ’ਚ ਦੋ ਤਮਗੇ ਜਿੱਤਣ ਵਾਲੀ ਸਿੰਧੂ ਨੇ ਸ਼ੁੱਕਰਵਾਰ ਦੇਰ ਰਾਤ ਖੇਡੇ ਗਏ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ ’ਚ ਫੈਂਗ ਜੀ ਨੂੰ ਅਸਾਨੀ ਨਾਲ 21-12, 21-7 ਨਾਲ ਹਰਾਇਆ। ਇਹ ਇਸ ਖਿਡਾਰੀ ਖਿਲਾਫ਼ ਉਨ੍ਹਾ ਦੀ ਚਾਰ ਮੁਕਾਬਲਿਆਂ ’ਚ ਪਹਿਲੀ ਜਿੱਤ ਹੈ। ਸੇਨ ਨੇ ਮਰਦ ਸਿੰਗਲ ਕੁਆਰਟਰ ਫਾਈਨਲ ’ਚ ਜਰਮਨ ਕਵਾਲੀਫਾਇਰ ਜੂਲੀਅਨ ਕੈਰਾਗੀ ਨੂੰ 21-8, 17-21 ਤੇ 21-10 ਨਾਲ ਹਰਾਇਆ। ਸਿੰਧੂ ਦਾ ਮੁਕਾਬਲਾ ਹੁਣ ਦੁਨੀਆ ਦੀ ਨੰਬਰ ਇੱਕ ਖਿਡਾਰੀ ਜਾਪਾਨ ਦੀ ਯਾਮਾਗੁਚੀ ਨਾਲ, ਜਦਕਿ ਸੇਨ ਦਾ ਜਾਪਾਨ ਦੇ ਹੀ ਚੌਥੇ ਨੰਬਰ ਦੇ ਕੇਂਟਾ ਨਿਸ਼ਿਮੋਤੋ ਨਾਲ ਹੋਵੇਗਾ। ਪੀ ਵੀ ਸਿੰਧੂ ਦਾ ਜਾਪਾਨ ਦੀ ਖਿਡਾਰੀ ਖਿਲਾਫ਼ ਰਿਕਾਰਡ 14-10 ਹੈ। ਇਨ੍ਹਾਂ ਦੋਵਾਂ ਵਿਚਾਲੇ ਪਿਛਲਾ ਮੁਕਾਬਲਾ ਪਿਛਲੇ ਸਾਲ ਸਿੰਗਾਪੁਰ ਓਪਨ ’ਚ ਖੇਡਿਆ ਗਿਆ ਸੀ, ਜਿਸ ’ਚ ਜਾਪਾਨੀ ਖਿਡਾਰੀ ਨੇ ਜਿੱਤ ਦਰਜ ਕੀਤੀ ਸੀ।





