ਮਹਿਲਾ ਭਲਵਾਨਾਂ ਦੇ ਯੌਨ ਸ਼ੋਸ਼ਣ ਦੇ ਮੁਲਜ਼ਮ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਭਾਵੇਂ ਆਪਣੀ ਬੇਗੁਨਾਹੀ ਦੇ ਲੱਖ ਦਾਅਵੇ ਕਰੇ, ਪਰ ਦਿੱਲੀ ਪੁਲਸ ਦੀ ਚਾਰਜਸ਼ੀਟ ਵਿੱਚ ਕੋਚ, ਰੈਫਰੀ, ਭਲਵਾਨਾਂ ਦੇ ਮਾਂ-ਬਾਪ ਤੇ ਭਾਈ ਨੇ ਗਵਾਹਾਂ ਦੇ ਰੂਪ ਵਿੱਚ ਉਸ ਉੱਤੇ ਲਾਏ ਗਏ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। ਇਹੋ ਨਹੀਂ ਮਹਿਲਾ ਭਲਵਾਨਾਂ ਵੱਲੋਂ ਪੇਸ਼ ਕੀਤੀਆਂ ਗਈਆਂ ਤਸਵੀਰਾਂ ਤੇ ਕਾਲ ਡਿਟੇਲਜ਼ ਵੀ ਗਵਾਹਾਂ ਦੇ ਬਿਆਨਾਂ ਨਾਲ ਮੇਲ ਖਾਂਦੀਆਂ ਹਨ। ਇਨ੍ਹਾਂ ਤਸਵੀਰਾਂ ਤੇ ਕਾਲ ਡਿਟੇਲਜ਼ ਤੋਂ ਬਾਅਦ ਦੋਸ਼ ਪੱਤਰ ਵਿੱਚ ਇਹ ਨਤੀਜਾ ਕੱਢਿਆ ਗਿਆ ਹੈ ਕਿ ਛੇ ਪੀੜਤ ਭਲਵਾਨਾਂ ਵਿੱਚੋਂ 5 ਵੱਲੋਂ ਲਾਏ ਗਏ ਦੁਰਵਿਹਾਰ ਦੇ ਇਲਜ਼ਾਮਾਂ ਵਾਲੀਆਂ ਥਾਵਾਂ ਉੱਤੇ ਬਿ੍ਰਜ ਭੂਸ਼ਣ ਮੌਜੂਦ ਸੀ।
‘ਦੀ ਇੰਡੀਅਨ ਐੱਕਸਪ੍ਰੈੱਸ’ ਵੱਲੋਂ ਪ੍ਰਕਾਸ਼ਤ ਖ਼ਬਰ ਮੁਤਾਬਕ ਦੋ ਤਸਵੀਰਾਂ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਨੂੰ ਸ਼ਿਕਾਇਤਕਰਤਾ ਭਲਵਾਨ ਵੱਲ ਵਧਦੇ ਦਿਖਾਇਆ ਗਿਆ ਹੈ। ਉਸ ਦੇ ਫੋਨ ਦਾ ਲੋਕੇਸ਼ਨ ਵੀ ਉਸੇ ਥਾਂ ਸੀ, ਜਿਥੇ ਯੌਨ ਸੋਸ਼ਣ ਦੀ ਘਟਨਾ ਹੋਈ ਸੀ। ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਵਾਰਦਾਤ ਸਮੇਂ ਬਿ੍ਰਜ ਭੂਸ਼ਣ ਉੱਥੇ ਮੌਜੂਦ ਸੀ। ਇਹ ਤੱਥ ਬਿ੍ਰਜ ਭੂਸ਼ਣ ਵਿਰੁੱਧ ਦਿੱਲੀ ਪੁਲਸ ਦੇ ਦੋਸ਼ ਪੱਤਰ ਵਿੱਚ ਤਕਨੀਕੀ ਸਬੂਤਾਂ ਦਾ ਹਿੱਸਾ ਹਨ। ਛੇ ਮਹਿਲਾ ਭਲਵਾਨਾਂ ਦੀਆਂ ਯੌਨ ਸ਼ੋਸ਼ਣ ਦੀਆਂ ਸ਼ਿਕਾਇਤਾਂ ਉੱਤੇ ਦਿੱਲੀ ਪੁਲਸ ਨੇ ਪੜਤਾਲ ਕਰਕੇ ਜੋ ਚਾਰਜਸ਼ੀਟ ਦਾਇਰ ਕੀਤੀ ਹੈ, ਉਸ ਮੁਤਾਬਕ ਬਿ੍ਰਜ ਭੂਸ਼ਣ ਵਿਰੁੱਧ ਧਾਰਾ 506 (ਅਪਰਾਧਕ ਧਮਕੀ), ਧਾਰਾ 354 (ਇੱਕ ਔਰਤ ਦੀ ਇੱਜ਼ਤ ਨੂੰ ਠੇਸ ਪੁਚਾਉਣਾ, ਛੇੜਛਾੜ ਤੇ ਪਿੱਛਾ ਕਰਨਾ), ਧਾਰਾ 354 ਏ (ਯੌਨ ਸ਼ੋਸ਼ਣ) ਤੇ ਧਾਰਾ 354 ਡੀ (ਪਿੱਛਾ ਕਰਨਾ) ਆਦਿ ਅਪਰਾਧਾਂ ਲਈ ਮੁਕੱਦਮਾ ਚਲਾ ਕੇ ਸਜ਼ਾ ਦਿੱਤੀ ਜਾ ਸਕਦੀ ਹੈ।
ਕੁਸ਼ਤੀ ਫੈਡਰੇਸ਼ਨ ਦੇ ਅਧਿਕਾਰੀਆਂ ਵੱਲੋਂ ਪੁਲਸ ਨੋਟਿਸ ਦੇ ਜਵਾਬ ਵਿੱਚ ਚਾਰ ਤਸਵੀਰਾਂ ਮੁਹੱਈਆ ਕਰਵਾਈਆਂ ਗਈਆਂ ਸਨ। ਇਨ੍ਹਾਂ ਅਨੁਸਾਰ ਇੱਕ ਭਲਵਾਨ ਵੱਲੋਂ ਦੋਸ਼ ਲਾਇਆ ਗਿਆ ਸੀ, ‘ਇੱਕ ਮੈਡਲ ਜਿੱਤਣ ਤੋਂ ਬਾਅਦ ਕੋਚ ਮੈਨੂੰ ਬਿ੍ਰਜ ਭੂਸ਼ਣ ਕੋਲ ਲੈ ਗਿਆ ਤਾਂ ਉਸ ਨੇ ਜ਼ਬਰਦਸਤੀ ਮੈਨੂੰ ਜੱਫੀ ਪਾ ਲਈ। ਮੇਰੇ ਇੱਕ ਹੱਥ ਵਿੱਚ ਝੰਡਾ ਸੀ, ਮੈਂ ਦੂਜੇ ਹੱਥ ਨਾਲ ਉਸ ਨੂੰ ਦੂਰ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਟਿਆ ਨਹੀਂ।’ ਉਸ ਨੇ ਅੱਗੇ ਕਿਹਾ, ‘ਮੈਂ ਇੱਕ ਮੁਕਾਬਲਾ ਹਾਰ ਗਈ ਸੀ। ਮੈਂ ਜਦੋਂ ਟੀਮ ਬਾਕਸ ਵਿੱਚ ਆਈ ਤਾਂ ਬਿ੍ਰਜ ਭੂਸ਼ਣ ਨੇ ਮੈਨੂੰ ਜ਼ਬਰਦਸਤੀ ਜੱਫੀ ਪਾ ਲਈ। ਮੈਂ ਉਸ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਮੈਨੂੰ 15-20 ਸੈਕਿੰਡ ਛੱਡਿਆ ਨਹੀਂ।’ ਦੋ ਤਸਵੀਰਾਂ ਦੋਸ਼ੀ ਦੀ ਹਾਜ਼ਰੀ ਦੇ ਤੌਰ ਉੱਤੇ ਸ਼ਿਕਾਇਤਕਰਤਾ ਵੱਲੋਂ ਲਾਏ ਦੋਸ਼ਾਂ ਦੀ ਪੁਸ਼ਟੀ ਕਰਦੀਆਂ ਹਨ।
ਇੱਕ ਹੋਰ ਮਹਿਲਾ ਭਲਵਾਨ ਦਾ ਦੋਸ਼ ਹੈ, ‘ਮੈਨੂੰ ਕੁਸ਼ਤੀ ਫੈੈਡਰੇਸ਼ਨ ਦੇ ਦਫ਼ਤਰ ਵਿੱਚ ਬੁਲਾਇਆ ਸੀ। ਮੈਂ ਆਪਣੇ ਕੋਚ ਨਾਲ ਗਈ ਸੀ। ਬਿ੍ਰਜ ਭੂਸ਼ਣ ਨੂੰ ਮੈਂ ਆਪਣੀ ਸੱਟ ਬਾਰੇ ਦੱਸਿਆ ਤਾਂ ਉਸ ਨੇ ਕਿਹਾ ਕਿ ਉਹ ਮੇਰੀ ਪੂਰੀ ਮਦਦ ਕਰੇਗਾ, ਪਰ ਬਦਲੇ ਵਿੱਚ ਮੈਨੂੰ ਉਸ ਨਾਲ ਸਰੀਰਕ ਸੰਬੰਧ ਬਣਾਉਣੇ ਪੈਣਗੇ।’ ਇਸ ਘਟਨਾ ਦੇ ਸਬੂਤ ਵਜੋਂ ਕਾਲ ਡਿਟੇਲ ਅਨੁਸਾਰ ਭਲਵਾਨ ਦੇ ਕੋਚ ਦਾ ਮੋਬਾਈਲ ਉਸ ਦਿਨ ਕੁਸ਼ਤੀ ਫੈਡਰੇਸ਼ਨ ਦੇ ਦਫ਼ਤਰ ਦੇ ਆਸ-ਪਾਸ ਸੀ।
ਇੱਕ ਹੋਰ ਭਲਵਾਨ ਨੇ ਦੋਸ਼ ਲਾਇਆ ਸੀ, ‘ਗਰੁੱਪ ਫੋਟੋ ਦੌਰਾਨ ਮੈਂ ਆਖ਼ਰੀ ਲਾਈਨ ਵਿੱਚ ਖੜ੍ਹੀ ਸੀ। ਮੁਲਜ਼ਮ ਆ ਕੇ ਮੇਰੇ ਨਾਲ ਖੜ੍ਹਾ ਹੋ ਗਿਆ। ਉਸ ਨੇ ਮੇਰੇ ਨਿਤੰਬਾਂ ਉੱਤੇ ਹੱਥ ਰੱਖ ਦਿੱਤਾ। ਮੈਂ ਉਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਜ਼ਬਰਦਸਤੀ ਮੋਢਿਆਂ ਤੋਂ ਫੜ ਲਿਆ।’ ਇਸ ਸੰਬੰਧੀ ਤਸਵੀਰ ਵਿੱਚ ਸ਼ਿਕਾਇਤਕਰਤਾ ਤੇ ਬਿ੍ਰਜ ਭੂਸ਼ਣ ਦਿਖਾਈ ਦੇ ਰਹੇ ਹਨ। ਅਜਿਹੇ ਹੀ ਦੋਸ਼ ਬਾਕੀ ਭਲਵਾਨਾਂ ਵੱਲੋਂ ਲਾਏ ਗਏ ਸਨ, ਜਿਨ੍ਹਾਂ ਨੂੰ ਤਸਵੀਰਾਂ ਤੇ ਮੋਬਾਈਲ ਲੋਕੇਸ਼ਨਾਂ ਰਾਹੀਂ ਪ੍ਰਮਾਣਤ ਕੀਤਾ ਗਿਆ ਹੈ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਏਨੇ ਸਬੂਤਾਂ ਦੇ ਬਾਵਜੂਦ ਸੱਤਾਧਾਰੀ ਧਿਰ ਬਿ੍ਰਜ ਭੂਸ਼ਣ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਹੀ ਹੈ। ਲੱਗਦਾ ਹੈ ਕਿ ਹਾਕਮ ਧਿਰ ਨਿਆਂਪਾਲਿਕਾ ਦੇ ਝਟਕੇ ਤੋਂ ਬਾਅਦ ਹੀ ਹੋਸ਼ ਵਿੱਚ ਆਵੇਗੀ।



