ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਚੱਲ ਰਹੀ ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਸ਼ੁੱਕਰਵਾਰ ਭਾਰਤ ਦੇ ਤੇਜਿੰਦਰ ਤੂਰ ਨੇ ਗੋਲਾ ਸੁੱਟਣ (ਸ਼ਾਟ ਪੁੱਟ) ਵਿਚ ਸੋਨ ਤਮਗਾ ਜਿੱਤ ਲਿਆ | ਉਸ ਨੇ 20.23 ਮੀਟਰ ਦੂਰ ਗੋਲਾ ਸੁੱਟਿਆ | ਈਰਾਨ ਦਾ ਸਬੇਰੀ ਮਹਿਦੀ 19.98 ਮੀਟਰ ਸੁੱਟ ਕੇ ਦੂਜੇ ਤੇ ਕਜ਼ਾਖਸਤਾਨ ਦਾ ਈਵਾਨ ਈਵਾਨੋਵ 19.87 ਮੀਟਰ ਸੁੱਟ ਕੇ ਤੀਜੇ ਸਥਾਨ ‘ਤੇ ਰਹੇ | 28 ਸਾਲਾ ਤੂਰ ਏਸ਼ੀਆਈ ਚੈਂਪੀਅਨਸ਼ਿਪ ਖਿਤਾਬ ਬਰਕਰਾਰ ਰੱਖਣ ਵਾਲਾ ਤੀਜਾ ਸ਼ਾਟ ਪੁਟਰ ਬਣ ਗਿਆ ਹੈ | ਉਸਤੋਂ ਪਹਿਲਾਂ ਕਤਰ ਦੇ ਬਿਲਾਲ ਸਾਦ ਮੁਬਾਰਕ ਨੇ 1995 ਤੇ 1998 ਅਤੇ ਫਿਰ 2002 ਤੇ 2003 ਵਿਚ ਖਿਤਾਬ ਜਿੱਤਿਆ ਸੀ | ਕੁਵੈਤ ਦੇ ਮੁਹੰਮਦ ਗਰੀਬ ਅਲ ਜ਼ਿਨਕਾਵੀ ਨੇ ਇਕੱਠੇ ਤਿੰਨ ਵਾਰ 1979, 1981 ਤੇ 1983 ਵਿਚ ਖਿਤਾਬ ਜਿੱਤਿਆ ਸੀ | ਤੂਰ ਨੇ ਦੂਜੀ ਕੋਸ਼ਿਸ਼ ‘ਚ ਹੀ ਸੋਨ ਤਮਗਾ ਪੱਕਾ ਕਰ ਲਿਆ ਪਰ ਪੱਠਾ ਖਿੱਚੇ ਜਾਣ ਕਾਰਨ ਉਹ ਪੱਟਾਂ ‘ਤੇ ਹੱਥ ਧਰੀ ਬਾਹਰ ਨਿਕਲਿਆ | ਭਾਰਤ ਲਈ ਇਹ ਬਹੁਤ ਚਿੰਤਾ ਦੀ ਗੱਲ ਹੈ ਕਿਉਂਕਿ 17 ਤੋਂ 27 ਅਗਸਤ ਤਕ ਬੁੱਡਾਪੇਸਟ ‘ਚ ਵਿਸ਼ਵ ਚੈਂਪੀਅਨਸ਼ਿਪ ਹੋਣੀ ਹੈ, ਜਿਸ ਲਈ ਉਸਨੇ ਪਿਛਲੇ ਮਹੀਨੇ ਭੁਬਨੇਸ਼ਵਰ ‘ਚ 21.77 ਮੀਟਰ ਦਾ ਏਸ਼ੀਆਈ ਰਿਕਾਰਡ ਬਣਾ ਕੇ ਕੁਆਲੀਫਾਈ ਕੀਤਾ ਸੀ | ਤੂਰ ਇਸੇ ਸਮੱਸਿਆ ਕਾਰਨ 2022 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਹਿੱਸਾ ਨਹੀਂ ਲੈ ਸਕਿਆ ਸੀ ਤੇ ਬਰਮਿੰਘਮ ‘ਚ ਕਾਮਨਵੈਲਥ ਗੇਮਾਂ ‘ਚੋਂ ਵੀ ਬਾਹਰ ਰਹਿਣ ਲਈ ਮਜਬੂਰ ਹੋ ਗਿਆ ਸੀ | ਟੋਕੀਓ ਉਲੰਪਿਕ ਤੋਂ ਬਾਅਦ ਉਸਦੇ ਖੱਬੇ ਗੁੱਟ ਦੀ ਸਰਜਰੀ ਹੋਈ ਸੀ | ਬੈਂਕਾਕ ਮੁਕਾਬਲੇ ਵਿਚ ਵੀ ਉਸਨੇ ਖੱਬੇ ਗੁੱਟ ‘ਤੇ ਪੱਟੀ ਬੰਨ੍ਹ ਕੇ ਹਿੱਸਾ ਲਿਆ |



