ਚੰਡੀਗੜ੍ਹ (ਗੁਰਜੀਤ ਬਿੱਲਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਅਗਨੀਪੱਥ ਸਕੀਮ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਸੂਬੇ ਵਿਚ ਵੱਖ-ਵੱਖ ਜ਼ਿਲਿ੍ਹਆਂ ਅਤੇ ਤਹਿਸੀਲ ਹੈੱਡਕੁਆਰਟਰਾਂ ਉੱਪਰ ਰੋਸ ਪ੍ਰਦਰਸ਼ਨ ਕਰਕੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤੇ ਗਏ | ਪੰਜਾਬ ਦੇ ਲੱਗਭੱਗ ਸਾਰੇ ਜ਼ਿਲਿ੍ਹਆਂ ਵਿੱਚ ਝੋਨੇ ਦੀ ਲਵਾਈ ਦਾ ਜ਼ੋਰ ਹੋਣ ਦੇ ਬਾਵਜੂਦ 22 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਦੇਸ਼ ਦੇ ਨੌਜਵਾਨਾਂ ਦੇ ਫੁੱਟੇ ਰੋਹ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ | ਵੱਖ-ਵੱਖ ਥਾਵਾਂ ‘ਤੇ ਹੋਏ ਪ੍ਰਦਰਸ਼ਨਾਂ ਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਬੀ ਕੇ ਯੂ-ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀ ਕੇ ਯੂ-ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਔਲਖ਼, ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਸਤਨਾਮ ਸਿੰਘ ਬਹਿਰੂ, ਭਾਰਤੀ ਕਿਸਾਨ ਮੰਚ ਦੇ ਬੂਟਾ ਸਿੰਘ ਸ਼ਾਦੀਪੁਰ, ਦੋਆਬਾ ਕਿਸਾਨ ਕਮੇਟੀ ਦੇ ਜੰਗਬੀਰ ਚੌਹਾਨ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁਕੇਸ਼ ਚੰਦਰ, ਕਿਸਾਨ ਬਚਾਓ ਮੋਰਚਾ ਦੇ ਕਿਰਪਾ ਸਿੰਘ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਕਿਰਨਜੀਤ ਸਿੰਘ ਸੇਖ਼ੋਂ, ਦੋਆਬਾ ਕਿਸਾਨ ਯੂਨੀਅਨ ਦੇ ਕੁਲਦੀਪ ਸਿੰਘ ਵਜ਼ੀਦਪੁਰ, ਬੀਕੇਯੂ-ਪੰਜਾਬ ਦੇ ਫੁਰਮਾਨ ਸਿੰਘ ਸੰਧੂ, ਬਿੰਦਰ ਸਿੰਘ ਗੋਲੇਵਾਲਾ (ਕੌਮੀ ਕਿਸਾਨ ਯੂਨੀਅਨ), ਹਰਜੀਤ ਸਿੰਘ ਰਵੀ (ਕਿਸਾਨ ਸੰਘਰਸ਼ ਕਮੇਟੀ, ਪੰਜਾਬ), ਮਲੂਕ ਸਿੰਘ (ਭਾਰਤੀ ਕਿਸਾਨ ਯੂਨੀਅਨ, ਮਾਲਵਾ), ਵੀਰ ਸਿੰਘ ਬੜਵਾ (ਕਿਰਤੀ ਕਿਸਾਨ ਮੋਰਚਾ, ਰੋਪੜ), ਭੁਪਿੰਦਰ ਸਿੰਘ ਤੀਰਥਪੁਰ (ਸਬਜ਼ੀ ਉਤਪਾਦਕ ਕਿਸਾਨ ਸੰਗਠਨ) ਅਤੇ ਕੁਲਜਿੰਦਰ ਸਿੰਘ ਘੁੰਮਣ (ਕੰਢੀ ਕਿਰਸਾਨ ਸੰਘਰਸ਼ ਕਮੇਟੀ) ਨੇ ਕੀਤੀ |
ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਸਾਨ ਆਗੂਆਂ ਜਗਮੋਹਣ ਸਿੰਘ ਅਤੇ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਮੋਦੀ ਸਰਕਾਰ ਅਗਨੀਪਥ ਸਕੀਮ ਰਾਹੀਂ ਜਿੱਥੇ ਇਕ ਪਾਸੇ ਫੌਜ ਵਿੱਚ ਠੇਕਾ ਭਰਤੀ ਦਾ ਰਸਤਾ ਬਣਾ ਰਹੀ ਹੈ, ਉਥੇ ਨਾਲ-ਨਾਲ ਇਸ ਕੋਰ ਖੇਤਰ ਵਿਚ ਕਾਰਪੋਰੇਟ ਦੇ ਨਿਵੇਸ਼ ਅਤੇ ਲੁੱਟ ਦਾ ਰਾਹ ਵੀ ਮੋਕਲਾ ਕਰਨ ਦੀ ਨੀਤੀ ਲਾਗੂ ਕਰ ਰਹੀ ਹੈ | ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀ ਇਸ ਨੀਤੀ ਨੂੰ ਸੰਘ ਪਰਵਾਰ ਦੇ ਹਿੰਦੂਤਵੀ ਫਾਸ਼ੀਵਾਦ ਦੇ ਏਜੰਡੇ ਦਾ ਹਿੱਸਾ ਦੱਸਦਿਆਂ ਕਿਹਾ ਕਿ ਬੁਲਡੋਜ਼ਰ ਰੂਪੀ ਜਬਰ ਦੇ ਪ੍ਰਤੀਕ ਨੂੰ ਦੇਸ਼ ਦੇ ਲੋਕਾਂ ਦੇ ਜੱਥੇਬੰਦਕ ਸੰਘਰਸ਼ਾਂ ਵਿਰੁੱਧ ਵਰਤਣ ਲਈ ਹਥਿਆਰਬੰਦ ਵਲੰਟੀਅਰ ਤਿਆਰ ਕਰਕੇ ਕਿਸਾਨਾਂ, ਮਜ਼ਦੂਰਾਂ, ਘੱਟ ਗਿਣਤੀਆਂ, ਅਗਾਂਹਵਧੂ ਸੋਚ ਦੇ ਜਮਹੂਰੀ ਬੁੱਧੀਜੀਵੀਆਂ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਕੁਚਲੇ ਜਾਣ ਦੇ ਮਨਸੂਬੇ ਪਾਲੇ ਜਾ ਰਹੇ ਹਨ |
ਲੁਧਿਆਣਾ (ਐੱਮ ਐੱਸ ਭਾਟੀਆ/ਕਥੂਰੀਆ) : ਕੇਂਦਰੀ ਟਰੇਡ ਯੂਨੀਅਨਾਂ ਜਿਨ੍ਹਾਂ ਵਿੱਚ ਇੰਟਕ, ਏਟਕ, ਐੱਚ ਐੱਮ ਐੱਸ, ਸੀਟੂ, ਐਕਟੂ, ਟੀ ਯੂ ਸੀ ਸੀ, ਸੇਵਾ, ਆਈਕਟੂ, ਐੱਲ ਪੀ ਐੱਫ, ਯੂਟੀਯੂਸੀ ਅਤੇ ਸੁਤੰਤਰ ਸੈਕਟਰਲ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਸ਼ਾਮਲ ਹਨ, ਦੇ ਫੋਰਮ ਨੇ ਪ੍ਰੋਗਰਾਮ ਦਾ ਸਮੱਰਥਨ ਕੀਤਾ ਹੈ | ਡੀ ਸੀ ਨੂੰ ਮੰਗ ਪੱਤਰ ਦੇਣ ਵਾਲਿਆਂ ਵਿੱਚ ਚਮਕੌਰ ਸਿੰਘ, ਰਘਬੀਰ ਸਿੰਘ ਬੈਨੀਪਾਲ, ਵਿਜੇ ਕੁਮਾਰ, ਡੀ ਪੀ ਮੌੜ, ਰਮੇਸ਼ ਰਤਨ, ਪਰਮਜੀਤ ਸਿੰਘ, ਜਗਦੀਸ਼ ਚੰਦ, ਰਾਮ ਲਾਲ, ਹਨੂੰਮਾਨ ਪ੍ਰਸਾਦ ਦੂਬੇ, ਜੋਗਿੰਦਰ ਰਾਮ, ਚਰਨ ਸਰਾਭਾ, ਕੇਵਲ ਸਿੰਘ ਬਨਵੈਤ, ਪ੍ਰੋਫੈਸਰ ਜੈਪਾਲ ਸਿੰਘ, ਸੋਨੂੰ ਗੁਪਤਾ, ਡਾ: ਗੁਲਜਾਰ ਸਿੰਘ ਪੰਧੇਰ, ਜੋਗਿੰਦਰ ਰਾਮ, ਰਾਮ ਲਾਲ, ਹਨੁਮਾਨ ਪ੍ਰਸਾਦ, ਜਸਵੰਤ ਜੀਰਖ, ਬਲਦੇਵ ਮੌਦਗਿਲ ਸ਼ਾਮਲ ਸਨ |





