36.9 C
Jalandhar
Friday, March 29, 2024
spot_img

ਹੁਣ ਤੱਕ ਦਾ ਸਭ ਤੋਂ ਵੱਡਾ ਬੈਂਕ ਘੁਟਾਲਾ

ਮੋਦੀ ਰਾਜ ਦੌਰਾਨ ਬੈਂਕਾਂ ਨਾਲ ਫਰਾਡ ਕਰਕੇ ਅਰਬਾਂ ਰੁਪਏ ਡਕਾਰ ਜਾਣ ਵਾਲੇ ਫਰਾਡੀਆਂ ਦੀ ਚਾਂਦੀ ਰਹੀ ਹੈ | ਨੀਰਵ ਮੋਦੀ, ਮੇਹੁਲ ਚੌਕਸੀ ਤੇ ਮਾਲਿਆ ਵਰਗੇ ਕਿੰਨੇ ਫਰਾਡੀ ਬੈਂਕਾਂ ਨੂੰ ਚਪਤ ਲਾ ਕੇ ਵਿਦੇਸ਼ਾਂ ਵਿੱਚ ਜਾ ਵਸੇ ਹਨ, ਉਨ੍ਹਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਚੁੱਕੀ ਹੈ | ਤਾਜ਼ਾ ਖ਼ਬਰ ਅਨੁਸਾਰ ਸੀ ਬੀ ਆਈ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਬੈਂਕ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ | ਇਸ ਮਾਮਲੇ ਵਿੱਚ ਡੀ ਐੱਚ ਐੱਫ਼ ਸੀ ਐੱਲ ਦੇ ਡਾਇਰੈਕਟਰਾਂ ਕਪਿਲ ਵਧਾਵਨ ਤੇ ਧੀਰਜ ਵਧਾਵਨ ਨੇ ਬੈਂਕਾਂ ਦੇ ਇੱਕ ਸਮੂਹ ਨੂੰ 34,615 ਕਰੋੜ ਦਾ ਚੂਨਾ ਲਾਇਆ ਹੈ |
ਬੈਂਕਾਂ ਦੇ ਇਸ ਸਮੂਹ ਦੀ ਅਗਵਾਈ ਯੂਨੀਅਨ ਬੈਂਕ ਆਫ਼ ਇੰਡੀਆ ਕਰ ਰਿਹਾ ਸੀ | ਇਸ ਸਮੂਹ ਵਿੱਚ ਬੈਂਕ ਆਫ਼ ਬੜੌਦਾ, ਸੈਂਟਰਲ ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰਾ, ਆਈ ਡੀ ਬੀ ਆਈ, ਯੂਕੋ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਸਮੇਤ 17 ਬੈਂਕ ਸ਼ਾਮਲ ਸਨ |
ਸੀ ਬੀ ਆਈ ਨੂੰ ਯੂਨੀਅਨ ਬੈਂਕ ਆਫ਼ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਨੇ ਸ਼ਿਕਾਇਤ ਕੀਤੀ ਸੀ | ਇਸ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਦੀਵਾਨ ਹਾਊਸਿੰਗ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ (ਡੀ ਐਚ ਐੱਫ਼ ਸੀ ਐੱਲ) ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨੇ 17 ਬੈਂਕਾਂ ਦੇ ਸਮੂਹ ਦੀ ਅਗਵਾਈ ਕਰ ਰਹੇ ਯੂਨੀਅਨ ਬੈਂਕ ਆਫ਼ ਇੰਡੀਆ ਨਾਲ 34 ਹਜ਼ਾਰ 615 ਕਰੋੜ ਦਾ ਫਰਾਡ ਕੀਤਾ ਹੈ | ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਡੀ ਐੱਚ ਐੱਫ਼ ਸੀ ਐੱਲ ਕੰਪਨੀ ਕਾਫ਼ੀ ਪੁਰਾਣੇ ਸਮੇਂ ਤੋਂ ਬੈਂਕਾਂ ਤੋਂ ਕਰੈਡਿਟ ਦੀ ਸੁਵਿਧਾ ਲੈਂਦੀ ਰਹੀ ਹੈ | ਇਹ ਕੰਪਨੀ ਕਈ ਖੇਤਰਾਂ ਵਿੱਚ ਕੰਮ ਕਰਦੀ ਹੈ | ਇਸ ਕੰਪਨੀ ਨੇ ਸਮੂਹ ਵਿੱਚ ਸ਼ਾਮਲ ਬੈਂਕਾਂ ਤੋਂ ਦਿੱਲੀ, ਅਹਿਮਦਾਬਾਦ, ਕੋਲਕਾਤਾ ਤੇ ਕੋਚੀਨ ਆਦਿ ਥਾਵਾਂ ਉੱਤੇ ਕਰੈਡਿਟ ਸੁਵਿਧਾ ਹਾਸਲ ਕੀਤੀ ਸੀ | ਇਸ ਕੰਪਨੀ ਨੇ ਬੈਂਕਾਂ ਤੋਂ 42 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਸੀ | ਇਸ ਵਿੱਚੋਂ ਕੰਪਨੀ ਨੇ 34,615 ਕਰੋੜ ਦਾ ਕਰਜ਼ਾ ਵਾਪਸ ਨਹੀਂ ਕੀਤਾ | ਦੋਸ਼ ਲੱਗਾ ਹੈ ਕਿ ਇਸ ਕੰਪਨੀ ਨੇ ਬੈਂਕਾਂ ਤੋਂ ਜਿਸ ਕੰਮ ਲਈ ਪੈਸਾ ਲਿਆ, ਉਸ ਉੱਤੇ ਲਾਉਣ ਦੀ ਥਾਂ ਥੋੜ੍ਹੇ ਸਮੇਂ ਬਾਅਦ ਹੀ ਦੂਜੀਆਂ ਕੰਪਨੀਆਂ ਨੂੰ ਭੇਜ ਦਿੱਤਾ ਜਾਂਦਾ ਸੀ | ਜਾਂਚ ਤੋਂ ਬਾਅਦ ਪਤਾ ਲੱਗਾ ਕਿ ਕਰਜ਼ੇ ਦਾ ਪੈਸਾ ਸੁਧਾਕਰ ਸ਼ੈਟੀ ਨਾਂਅ ਦੇ ਵਿਅਕਤੀ ਦੀ ਕੰਪਨੀ ਨੂੰ ਵੀ ਭੇਜਿਆ ਗਿਆ ਸੀ | ਇਸ ਤੋਂ ਇਲਾਵਾ ਹੋਰ ਕੰਪਨੀਆਂ ਦੇ ਜਾਇੰਟ ਵੈਂਚਰ ਵਿੱਚ ਪੈਸਾ ਲਗਾਇਆ ਗਿਆ ਸੀ | ਇਨ੍ਹਾਂ ਸਭ ਕੰਪਨੀਆਂ ਦੀ ਗਿਣਤੀ 65 ਤੋਂ ਵੱਧ ਹੈ | ਇਹ ਕੰਮ ਕਰਨ ਲਈ ਅਕਾਊਾਟ ਬੁੱਕ ਵਿੱਚ ਵੀ ਫਰਜ਼ੀਵਾੜਾ ਕੀਤਾ ਗਿਆ ਸੀ |
ਸੀ ਬੀ ਆਈ ਨੇ ਇਸ ਮਾਮਲੇ ਵਿੱਚ ਦੀਵਾਨ ਹਾਊਸਿੰਗ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਕਪਿਲ ਵਧਾਵਨ, ਧੀਰਜ ਵਧਾਵਨ ਤੇ ਇੱਕ ਹੋਰ ਵਿਅਕਤੀ ਸੁਧਾਕਰ ਸ਼ੈਟੀ, ਕੰਪਨੀਆਂ ਗੁਲਮਰਗ ਰੀਅਲਟਰਜ਼, ਸਕਾਈਲਾਰਕ ਬਿਲਡਕਾਨ, ਦਰਸ਼ਨ ਡਿਵੈਲਪਰਜ਼, ਟਾਊਨਸ਼ਿਪ ਡਿਵੈਲਪਰਜ਼ ਸਮੇਤ ਕੁੱਲ 13 ਵਿਅਕਤੀਆਂ ਵਿਰੁੱਧ ਫੌਜਦਾਰੀ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ |
ਬੈਂਕ ਨੇ ਅਰੰਭਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਕਰਮਚਾਰੀ ਇਸ ਘੁਟਾਲੇ ਵਿੱਚ ਸ਼ਾਮਲ ਨਹੀਂ ਹੈ, ਪ੍ਰੰਤੂ ਸੀ ਬੀ ਆਈ ਨੂੰ ਸ਼ੱਕ ਹੈ ਕਿ ਬਿਨਾਂ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਦੇ ਏਨਾ ਵੱਡਾ ਘੁਟਾਲਾ ਨਹੀਂ ਹੋ ਸਕਦਾ | ਸੀ ਬੀ ਆਈ ਨੇ ਇਸ ਸੰਬੰਧੀ ਵੱਖ-ਵੱਖ ਸ਼ਹਿਰਾਂ ਵਿੱਚ ਛਾਪੇ ਮਾਰ ਕੇ ਕਈ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਹਨ | ਇਸ ਕੇਸ ਵਿੱਚ ਕੁਝ ਸਿਆਸੀ ਆਗੂਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ |
ਡੀ ਐੱਚ ਐੱਫ਼ ਸੀ ਐੱਲ ਦੇ ਦੋਵੇਂ ਡਾਇਰੈਕਟਰ ਕਪਿਲ ਵਧਾਵਨ ਤੇ ਧੀਰਜ ਵਧਾਵਨ ਪਹਿਲਾਂ ਹੀ ਮੁੰਬਈ ਦੀ ਤਲੋਜਾ ਜੇਲ੍ਹ ਵਿੱਚ ਬੰਦ ਹਨ | ਦੋਹਾਂ ਨੂੰ ਯੈਸ ਬੈਂਕ ਨਾਲ ਫਰਾਡ ਦੇ ਮਾਮਲੇ ਵਿੱਚ ਸੀ ਬੀ ਆਈ ਤੇ ਈ ਡੀ ਵੱਲੋਂ ਦਾਇਰ ਕੇਸ ਦੇ ਅਧਾਰ ਉੱਤੇ ਗਿ੍ਫ਼ਤਾਰ ਕੀਤਾ ਗਿਆ ਸੀ | ਦੋਵਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਯੈਸ ਬੈਂਕ ਦੇ ਕੋ-ਫਾਊਾਡਰ ਰਾਣਾ ਕਪੂਰ ਨਾਲ ਮਿਲ ਕੇ ਫਰਾਡ ਕੀਤਾ ਸੀ | ਡੀ ਐੱਚ ਐੱਫ਼ ਸੀ ਐੱਲ ਦਾ ਇਹ ਕੇਸ ਸੀ ਬੀ ਆਈ ਕੋਲ ਰਜਿਸਟਰਡ ਹੁਣ ਤੱਕ ਦਾ ਸਭ ਤੋਂ ਵੱਡਾ ਬੈਂਕ ਫਰਾਡ ਹੈ | ਇਸ ਤੋਂ ਪਹਿਲਾਂ 2010 ਤੋਂ 19 ਵਿਚਕਾਰ ਹੋਇਆ 22 ਹਜ਼ਾਰ ਕਰੋੜ ਦਾ ਬੈਂਕ ਘੁਟਾਲਾ ਸਭ ਤੋਂ ਵੱਡਾ ਸੀ |

Related Articles

LEAVE A REPLY

Please enter your comment!
Please enter your name here

Latest Articles