ਜਲੰਧਰ : ਵਿਸ਼ਵ ਰਿਕਾਰਡ ਬਣਾਉਣ ਲਈ �ਿਸਟਿਨ ਹਰਿਲਾ ਅਤੇ ਤੇਨਜਿਨ ਸ਼ੇਰਪਾ ਨੇ ਵਿਸ਼ਵ ਦੀਆਂ 14 ਉੱਚੀਆਂ ਚੋਟੀਆਂ, ਜੋ 8000 ਮੀਟਰ ਤੋਂ ਉਚੀਆਂ ਹਨ, ’ਤੇ ਸਭ ਤੋਂ ਤੇਜ਼ ਚੜ੍ਹਨ ਦਾ ਰਿਕਾਰਡ ਬਣਾਇਆ ਹੈ। ਉਨ੍ਹਾਂ ਇਹ ਰਿਕਾਰਡ ਸਿਰਫ਼ ਤਿੰਨ ਮਹੀਨੇ ਅਤੇ ਇੱਕ ਦਿਨ ਦਾ ਬਣਾਇਆ। ਇਸ ਲਈ ਪਾਕਿਸਤਾਨ ਦੀ ਕੇ-2 ਚੋਟੀ ਆਖਰੀ ਪੜਾਅ ਸੀ। ਉਨ੍ਹਾਂ ਦੀ ਟੀਮ ਨੇ ਇੱਕ ਬਿਆਨ ’ਚ ਕਿਹਾ ਕਿ ਇਹ ਰਿਕਾਰਡ ‘ਇਸ ਵੱਡੀ ਕੋਸ਼ਿਸ਼ ਦੌਰਾਨ ਅਟੁੱਟ ਦਿ੍ਰੜ੍ਹ ਸੰਕਲਪ ਤੇ ਟੀਮ ਵਰਕ ਦਾ ਨਤੀਜਾ ਹੈ।’ ਵੈਸੇ ਤਾਂ ਦੁਨੀਆ ’ਚ 40 ਤੋਂ ਜ਼ਿਆਦਾ ਲੋਕਾਂ ਨੇ ਇਨ੍ਹਾਂ ਉੱਚੀਆਂ ਚੋਟੀਆ ’ਤੇ ਚੜ੍ਹਾਈ ਕੀਤੀ ਹੈ, ਪਰ ਇਨ੍ਹਾਂ ’ਚ ਮਹਿਲਾ ਬਹੁਤ ਘੱਟ ਹਨ। ਆਪਣੀ ਚੜ੍ਹਾਈ ਕਰਨ ਦੀ ਸਮਰਥਾ ਨੂੰ ਸਿੱਧ ਕਰਨ ਦੇ ਬਾਵਜੂਦ 37 ਸਾਲਾ ਹਰਿਲਾ ਨੂੰ ਪਿਛਲੇ ਸਾਲ ਸਪਾਂਸਰ ਲੱਭਣ ’ਚ ਕਾਫ਼ੀ ਸੰਘਰਸ਼ ਕਰਨਾ ਪਿਆ। ਇਸ ਲਈ ਉਸ ਨੇ ਆਪਣਾ ਅਪਾਰਟਮੈਂਟ ਵੇਚ ਦਿੱਤਾ। ਮੀਡੀਆ ਨਾਲ ਗੱਲਬਾਤ ਦੌਰਾਨ ਹਰਿਲਾ ਨੇ ਕਿਹਾ, ‘ਮੈਨੂੰ ਲੱਗਦਾ ਕਿ ਜੇਕਰ ਮੈਂ ਮਰਦ ਹੁੰਦੀ ਤਾਂ ਇਹ ਪ੍ਰੋਜੈਕਟ ਕਰਨਾ ਮੇਰੇ ਲਈ ਬਹੁਤ ਅਸਾਨ ਹੁੰਦਾ। ਦੁਨੀਆ ’ਚ ਇੱਕ ਔਰਤ ਹੋਣਾ ਬਿਲਕੁੱਲ ਵੱਖਰਾ ਹੈ ਅਤੇ ਇਹ ਸਪਾਂਸਰ ਨਾ ਮਿਲਣ ਦੀ ਗੱਲ ਨਹੀਂ ਹੈ।’ ਹਰਿਲਾ ਨਾਰਵੇ ਦੇ ਵਾਡਸੋ ਦੀ ਪੱਕੀ ਨਿਵਾਸੀ ਹੈ। ਵਾਡਸੋ ਨਾਰਵੇ ਦੇ ਉਤਰੀ ਹਿੱਸੇ ’ਚ ਬੈਰੇਂਟਸ ਸਾਗਰ ’ਤੇ ਸਥਿਤ ਹੈ। ਵਾਡਸੋ ’ਚ ਸਭ ਤੋਂ ਉੱਚੀ ਚੋਟੀ ਸਿਰਫ਼ 633 ਮੀਟਰ ਦੀ ਹੈ। ਬਚਪਨ ’ਚ ਉਸ ਨੂੰ ਚੜਾਈ ਦਾ ਸ਼ੌਕ ਨਹੀਂ ਸੀ। ਉਸ ਸਮੇਂ ਜ਼ਿਆਦਾ ਉਹ ਫੁੱਟਬਾਲ ਹੀ ਖੇਡਦੀ ਅਤੇ ਕਰਾਸ ਕੰਟਰੀ ਦੀ ਦੌੜ ਲਾਉਂਦੀ ਸੀ। 2015 ’ਚ ਉਸ ਨੇ ਕਿਲਿਮੰਜਾਰੋ ਦੀ ਚੜ੍ਹਾਈ ਕੀਤੀ। ਇਹ ਟਰੈਕ ਉਸ ਨੂੰ ਆਪਣੀ ਕੰਪਨੀ ਦੇ ਖਰਚੇ ’ਤੇ ਮਿਲਿਆ ਸੀ। ਤੇਨਜਿਨ ਸ਼ੇਰਪਾ 16 ਸਾਲ ਦੀ ਉਮਰ ਤੋਂ ਇੱਕ ਗਾਈਡ ਦੇ ਰੂਪ ’ਚ ਕੰਮ ਕਰ ਰਿਹਾ ਹੈ ਅਤੇ ਰਿਕਾਰਡ ਬ੍ਰੇਕਿੰਗ ਯਾਤਰਾ ਦੌਰਾਨ ਹਰਿਲਾ ਦੇ ਨਾਲ ਰਿਹਾ। ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ’ਚੋਂ ਪੰਜ ਪਾਕਿਸਤਾਨ ’ਚ ਹੀ ਹਨ। ਇਨ੍ਹਾਂ ਸਾਰੀਆਂ ਚੋਟੀਆਂ ’ਤੇ ਚੜ੍ਹਨਾ ਕਿਸੇ ਪਰਬਤਰੋਹੀ ਲਈ ਵੱਡੀ ਉਪਲੱਬਧੀ ਮੰਨੀ ਜਾਂਦੀ ਹੈ। ਐਵਰੈੱਸਟ ਦੀ ਤੁਲਨਾ ’ਚ ਕੇ-2 ’ਤੇ ਚੜ੍ਹਾਈ ਸਭ ਤੋਂ ਮੁਸ਼ਕਲ ਮੰਨੀ ਜਾਂਦੀ ਹੈ। 1954 ਤੋਂ ਬਾਅਦ ਕੇ-2 ’ਤੇ ਸਿਰਫ਼ 425 ਲੋਕ ਹੀ ਚੜ੍ਹ ਸਕੇ ਹਨ। ਇਸ ’ਚ 20 ਦੇ ਕਰੀਬ ਔਰਤਾਂ ਸ਼ਾਮਲ ਹਨ।