ਨਵੀਂ ਦਿੱਲੀ : ਵੀਰਵਾਰ ਇੰਡੀਆ ਗੱਠਜੋੜ ਨਾਲ ਸੰਬੰਧਤ ਸੰਸਦ ਮੈਂਬਰਾਂ ਨੇ ਮਨੀਪੁਰ ਦੇ ਲੋਕਾਂ ’ਤੇ ਹੋ ਰਹੇ ਅੱਤਿਆਚਾਰਾਂ ਅਤੇ ਬੇਰਹਿਮੀ ਖਿਲਾਫ ਸੰਸਦ ’ਚ ਕਾਲੇ ਕੱਪੜੇ ਪਾ ਕੇ ਜ਼ਬਰਦਸਤ ਪ੍ਰੋਟੈੱਸਟ ਕੀਤਾ। ‘ਆਪ’ ਸਾਂਸਦ ਰਾਘਵ ਚੱਢਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੁਖਦਾਈ ਸਮੇਂ ਵਿੱਚ ਮਨੀਪੁਰ ਦੇ ਲੋਕਾਂ ਨਾਲ ਇੱਕਮੁੱਠਤਾ ਦਿਖਾਉਣ ਲਈ ਪ੍ਰਤੀਕਾਤਮਿਕ ਵਿਰੋਧ ਸੀ। ਉਨ੍ਹਾ ਕਿਹਾ ਕਿ ਇਸ ਦਾ ਉਦੇਸ਼ ਸਰਕਾਰ ਨੂੰ ਇਹ ਦੱਸਣਾ ਹੈ ਕਿ ਮਨੀਪੁਰ ਦੇ ਲੋਕਾਂ ਦੇ ਦੁੱਖਾਂ ’ਤੇ ਚੁੱਪੀ ਅਸਵੀਕਾਰਨਯੋਗ ਹੈ ਅਤੇ ਉਸ ਨੂੰ ਨਿਰਣਾਇਕ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਭਾਰਤ ਦਾ ਅਨਿੱਖੜਵਾਂ ਅੰਗ ਰਹਿਣ ਵਾਲਾ ਸੂਬਾ ਅਸ਼ਾਂਤੀ ਦਾ ਸਾਹਮਣਾ ਕਰ ਰਿਹਾ ਹੈ, ਜਦੋਂਕਿ ਮੋਦੀ ਸਰਕਾਰ ਸ਼ਾਂਤੀ ਬਹਾਲ ਕਰਨ ਲਈ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਲਗਾਤਾਰ ਅਸਫਲ ਹੋ ਰਹੀ ਹੈ।
ਚੱਢਾ ਨੇ ਭਾਰਤੀ ਸੰਵਿਧਾਨ ਦੁਆਰਾ ਵਿਸ਼ੇਸ਼ ਤੌਰ ’ਤੇ ਧਾਰਾ 355 ਅਤੇ 356 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਨੀਪੁਰ ਮਸਲੇ ’ਚ ਦਖਲ ਦੇਣਾ ਅਤੇ ਉਸ ਦੀ ਰੱਖਿਆ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।
ਉਨ੍ਹਾ ਰਾਜ ਸਰਕਾਰ ਨੂੰ ਤੁਰੰਤ ਭੰਗ ਕਰਨ ਅਤੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ।