ਨਵੀਂ ਦਿੱਲੀ : ਲੋਕ ਸਭਾ ’ਚ ਸਰਕਾਰ ਖਿਲਾਫ ਲਿਆਂਦੇ ਬੇਭਰੋਸਗੀ ਮਤੇ ’ਤੇ 8 ਤੋਂ 10 ਅਗਸਤ ਤੱਕ ਚਰਚਾ ਹੋਵੇਗੀ। ਇਸ ਦਾ ਜੁਆਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਦੇਣਗੇ। ਇਸ ਸੰਬੰਧੀ ਫੈਸਲਾ ਲੋਕ ਸਭਾ ਦੀ ਕੰਮਕਾਜ ਸਲਾਹਕਾਰ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ। ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਅਤੇ ਭਾਰਤ ਰਾਸ਼ਟਰ ਸਮਿਤੀ (ਬੀ ਆਰ ਐੱਸ) ਦੇ ਗੱਠਜੋੜ ਨੇ ਇਸ ਦਾ ਬਾਈਕਾਟ ਕੀਤਾ। ਇਨ੍ਹਾਂ ਵਿਰੋਧੀ ਪਾਰਟੀਆਂ ਦੀ ਮੰਗ ਹੈ ਕਿ ਪ੍ਰਸਤਾਵ ’ਤੇ ਚਰਚਾ ਤੁਰੰਤ ਸ਼ੁਰੂ ਹੋਣੀ ਚਾਹੀਦੀ ਹੈ। ਨੋਕਾਨਫੀਡੈਂਸ ਮੋਸ਼ਨ ’ਤੇ ਤਰੀਕ ਨੂੰ ਲੈ ਕੇ ਬੀਤੇ ਕੁਝ ਸਮੇਂ ਤੋਂ ਵਿਰੋਧੀ ਧਿਰ ਦਾ ਲਗਾਤਾਰ ਵਿਰੋਧ ਜਾਰੀ ਹੈ। ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੇ ਕੱਲ੍ਹ ਤੋਂ ਹੀ ਚਰਚਾ ਕਰਾਉਣ ਦੀ ਮੰਗ ਕੀਤੀ, ਪਰ ਉਨ੍ਹਾਂ ਦੀ ਮੰਗ ਨਾ ਮੰਨੇ ਜਾਣ ’ਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਬੀ ਏ ਸੀ ਦੀ ਮੀਟਿੰਗ ਤੋਂ ਵਾਕ ਆਊਟ ਕਰ ਦਿੱਤਾ। ਹਾਲਾਂਕਿ ਲੋਕ ਸਭਾ ਸਪੀਕਰ ਦੀ ਮੌਜੂਦਗੀ ’ਚ ਹੀ ਇਹ ਚਰਚਾ ਦੀ ਤਰੀਕ ਤੈਅ ਹੋ ਗਈ। ਮਲਿਕਾਰਜੁਨ ਖੜਗੇ ਨੇ ਮਨੀਪੁਰ ਮਾਮਲੇ ’ਤੇ ਚਰਚਾ ਕਰਾਉਣ ਲਈ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਹੈ। ਮੰਗਲਵਾਰ ਸਵੇਰੇ ਕਾਂਗਰਸ ਸਾਂਸਦ ਮਣੀਕਮ ਟੈਗੋਰ ਨੇ ਕਿਹਾਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਇਸ ‘ਇੰਡੀਆ’ ਸਿੰਡਰੋਮ ਤੋਂ ਬਾਹਰ ਆਉਣ ਅਤੇ ਮਨੀਪੁਰ ਮੁੱਦੇ ’ਤੇ ਗੱਲ ਕਰਨ। ਉਨ੍ਹਾ ਕਿਹਾ ਕਿ ਅਗਾਮੀ ਚੋਣਾਂ ’ਚ ‘ਇੰਡੀਆ’ ਇੱਕ ਤੋਂ ਬਾਅਦ ਇੱਕ ਸੂਬੇ ਜਿੱਤੇਗਾ ਅਤੇ ਮੋਦੀ ਦਾ ਘੁਮੰਡ ਇਸ ਦੇਸ਼ ਦੇ ਲੋਕਾਂ ਦੇ ਅੱਗੇ ਹਾਰ ਜਾਵੇਗਾ।


