37.2 C
Jalandhar
Thursday, March 28, 2024
spot_img

ਸ਼ਿੰਦੇ ਤੇ ਫੜਨਵੀਸ ਦੀ ਸ਼ਾਹ ਨਾਲ ਗੁਪਤ ਮੀਟਿੰਗ

ਵਡੋਦਰਾ : ਭਾਵੇਂ ਭਾਜਪਾ ਨੇ ਅਧਿਕਾਰਤ ਤੌਰ ‘ਤੇ ਸ਼ਿਵ ਸੈਨਾ ਦੀ ਅੰਦਰੂਨੀ ਖਿੱਚੋਤਾਣ ਤੋਂ ਖੁਦ ਨੂੰ ਦੂਰ ਰੱਖਿਆ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਗੁਹਾਟੀ ਵਿਚ ਡੇਰਾ ਲਾਈ ਬੈਠੇ ਬਾਗੀ ਨੇਤਾ ਏਕਨਾਥ ਸ਼ਿੰਦੇ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵਡੋਦਰਾ ‘ਚ ਕਿਸੇ ਅਣਦੱਸੀ ਥਾਂ ‘ਤੇ ਮੀਟਿੰਗ ਵੀਰਵਾਰ ਜਾਂ ਸ਼ੁੱਕਰਵਾਰ ਦੀ ਰਾਤ ਕੀਤੀ ਹੈ | ਵਡੋਦਰਾ ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਦੋ ਚਾਰਟਰਡ ਅਤੇ ਬੀ ਐੱਸ ਐੱਫ ਦਾ ਜਹਾਜ਼ ਉਤਰੇ | ਇੱਕ ਚਾਰਟਰਡ ਜਹਾਜ਼ ਨੇ ਦਿੱਲੀ ਤੋਂ ਵਡੋਦਰਾ ਲਈ ਉਡਾਣ ਭਰੀ ਸੀ, ਜੋ ਏਕਨਾਥ ਸ਼ਿੰਦੇ ਨੂੰ ਲੈ ਕੇ ਆਇਆ ਸੀ ਅਤੇ ਦੂਜੀ ਚਾਰਟਰਡ ਫਲਾਈਟ ਦੇਵੇਂਦਰ ਫੜਨਵੀਸ ਨੂੰ ਮੁੰਬਈ ਤੋਂ ਲੈ ਕੇ ਉਤਰੀ ਸੀ | ਇਨ੍ਹਾਂ ਦੋਨਾਂ ਫਲਾਈਟਾਂ ਦੇ ਲੈਂਡ ਹੋਣ ਤੋਂ ਪਹਿਲਾਂ ਅਮਿਤ ਸ਼ਾਹ ਬੀ ਐੱਸ ਐੱਫ ਦੇ ਜਹਾਜ਼ ਵਿਚ ਆਏ ਅਤੇ ਸਰਕਟ ਹਾਊਸ ਗਏ | ਦੇਰ ਰਾਤ ਸ਼ਾਹ ਘੱਟੋ-ਘੱਟ ਸੁਰੱਖਿਆ ਕਰਮਚਾਰੀਆਂ ਦੇ ਨਾਲ ਸਰਕਟ ਹਾਊਸ ਤੋਂ ਬਾਹਰ ਕਿਸੇ ਅਣਦੱਸੀ ਜਗ੍ਹਾ ‘ਤੇ ਚਲੇ ਗਏ, ਜਿਥੇ ਤਿੰਨਾਂ ਵਿਚਾਲੇ ਬੈਠਕ ਹੋਈ | ਸੂਤਰਾਂ ਨੇ ਦੱਸਿਆ ਕਿ ਇਹ ਬੈਠਕ ਦੋ ਘੰਟੇ ਤੱਕ ਚੱਲੀ, ਜਿੱਥੇ ਹਰ ਪਹਿਲੂ ‘ਤੇ ਚਰਚਾ ਕੀਤੀ ਗਈ | ਇੱਥੋਂ ਤੱਕ ਕਿ ਕਾਨੂੰਨੀ ਪਹਿਲੂਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਸੂਤਰਾਂ ਨੇ ਦੱਸਿਆ ਕਿ ਸ਼ਾਮ 5 ਵਜੇ ਤੋਂ ਪਹਿਲਾਂ ਦੋ ਚਾਰਟਰਡ ਉਡਾਨਾਂ ਨੇ ਉਡਾਨ ਭਰੀ | ਇੱਕ ਜਹਾਜ਼ ਮੁੰਬਈ ਅਤੇ ਦੂਜਾ ਦਿੱਲੀ ਲਈ ਰਵਾਨਾ ਹੋਇਆ | ਸ਼ਾਹ ਰੁਕੇ ਰਹੇ, ਕਿਉਂਕਿ ਉਨ੍ਹਾ ਨੇ ਸਨਿੱਚਰਵਾਰ ਨੂੰ ਕੇਵੜੀਆ ਕਲੋਨੀ ਦੇ ਸਮਾਗਮ ਵਿਚ ਸ਼ਾਮਲ ਹੋਣਾ ਸੀ | ਇਸੇ ਦੌਰਾਨ ਮੁੱਖ ਮੰਤਰੀ ਊਧਵ ਠਾਕਰੇ ਦੇ ਬੇਟੇ ਤੇ ਕੈਬਨਿਟ ਮੰਤਰੀ ਆਦਿਤਿਆ ਠਾਕਰੇ ਨੇ ਗੁਹਾਟੀ ਵਿਚ ਮੌਜੂਦ ਬਾਗੀ ਪਾਰਟੀ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਮੁੰਬਈ ਹਵਾਈ ਅੱਡੇ ਤੋਂ ਵਿਧਾਨ ਭਵਨ ਤੱਕ ਦੀ ਸੜਕ ਵਰਲੀ ਵਿੱਚੋਂ ਲੰਘਦੀ ਹੈ | ਮੁੰਬਈ ਦਾ ਵਰਲੀ ਖੇਤਰ ਰਵਾਇਤੀ ਤੌਰ ‘ਤੇ ਸ਼ਿਵ ਸੈਨਾ ਦਾ ਗੜ੍ਹ ਹੈ, ਜਿੱਥੋਂ ਆਦਿਤਿਆ ਠਾਕਰੇ ਵਿਧਾਇਕ ਹਨ | ਉੱਧਰ, ਕੇਂਦਰ ਨੇ ਸ਼ਿਵ ਸੈਨਾ ਦੇ ਘੱਟੋ-ਘੱਟ 15 ਬਾਗੀ ਵਿਧਾਇਕਾਂ ਨੂੰ ਸੀ ਆਰ ਪੀ ਐੱਫ ਕਮਾਂਡੋਜ਼ ਦੀ ਵਾਈ ਪਲੱਸ ਸੁਰੱਖਿਆ ਦੇ ਦਿੱਤੀ ਹੈ | ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਮਹਾਰਾਸਟਰ ਵਿਚ ਰਹਿੰਦੇ ਪਰਵਾਰਾਂ ਨੂੰ ਵੀ ਸੁਰੱਖਿਅਤ ਕੀਤਾ ਜਾਵੇਗਾ | ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਦੁਆਰਾ ਗ੍ਰਹਿ ਮੰਤਰਾਲੇ ਨੂੰ ਕੀਤੀ ਗਈ ਸਿਫਾਰਸ਼ ਤੋਂ ਬਾਅਦ ਵਿਧਾਇਕਾਂ ਨੂੰ ਸੁਰੱਖਿਆ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮਹਾਰਾਸਟਰ ਵਿਚ ਮੌਜੂਦਾ ਰਾਜਨੀਤਕ ਸਥਿਤੀ ਦੇ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਸੰਭਾਵੀ ਖਤਰੇ ਦੇ ਮੱਦੇਨਜ਼ਰ ਸੁਰੱਖਿਆ ਦੇਣੀ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਸੀ ਆਰ ਪੀ ਐਫ ਦੇ ਲੱਗਭੱਗ ਚਾਰ ਤੋਂ ਪੰਜ ਕਮਾਂਡੋ, ਸ਼ਿਫਟਾਂ ਵਿੱਚ ਹਰ ਵਿਧਾਇਕ ਦੀ ਮਹਾਰਾਸ਼ਟਰ ‘ਚ ਸੁਰੱਖਿਆ ਕਰਨਗੇ | ਬੀਤੇ ਦਿਨ ਰਾਜ ਸਰਕਾਰ ਨੇ ਇਨ੍ਹਾਂ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ |

Related Articles

LEAVE A REPLY

Please enter your comment!
Please enter your name here

Latest Articles