ਹੈਦਰਾਬਾਦ : ਨਾਮਵਰ ਲੋਕ ਗਾਇਕ ਗੁਮੱਦੀ ਵਿੱਠਲ ਰਾਓ ਉਰਫ ਗ਼ਦਰ (77) ਦਾ ਐਤਵਾਰ ਬਾਅਦ ਦੁਪਹਿਰ ਇੱਥੋਂ ਦੇ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ ਪਿੱਛੇ ਪਤਨੀ ਤੇ ਦੋ ਪੁੱਤਰ ਸੂਰੀਆ ਤੇ ਚੰਦਰਾ ਅਤੇ ਧੀ ਵੇਨੇਲਾ ਛੱਡ ਗਏ ਹਨ। ਅਪੋਲੋ ਸਪੈਕਟਰਾ ਹਸਪਤਾਲ ਨੇ ਦੱਸਿਆ ਕਿ ਗ਼ਦਰ ਦਿਲ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ। ਉਨ੍ਹਾ ਨੂੰ 20 ਜੁਲਾਈ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ ਤੇ ਤਿੰਨ ਅਗਸਤ ਨੂੰ ਬਾਈਪਾਸ ਸਰਜਰੀ ਤੋਂ ਬਾਅਦ ਉਨ੍ਹਾ ਦੀ ਹਾਲਤ ’ਚ ਸੁਧਾਰ ਹੋ ਰਿਹਾ ਸੀ, ਪਰ ਉਨ੍ਹਾ ਨੂੰ ਫੇਫੜੇ ਤੇ ਪੇਸ਼ਾਬ ਨਾਲੀ ਵਿਚ ਇਨਫੈਕਸ਼ਨ ਦੀਆਂ ਵੀ ਸਮੱਸਿਆਵਾਂ ਸਨ, ਜਿਹੜੀਆਂ ਵੱਡੀ ਉਮਰ ਕਾਰਨ ਵਧਦੀਆਂ ਗਈਆਂ।
1946 ਵਿਚ ਤਿਲੰਗਾਨਾ ਦੇ ਕਮਰਰੈਡੀ ਜ਼ਿਲ੍ਹੇ (ਸਾਬਕਾ ਮੇਢਕ) ਵਿਚ ਪੈਦਾ ਹੋਏ ਗ਼ਦਰ ਨੇ ਇਨਕਲਾਬੀ ਸਿਆਸਤ ’ਚ ਆਉਣ ਤੋਂ ਪਹਿਲਾਂ 1975 ਵਿਚ ਕੁਝ ਸਮਾਂ ਕੈਨਰਾ ਬੈਂਕ ’ਚ ਕੰਮ ਕੀਤਾ। ਉਹ ਨਕਸਲੀਆਂ ਦੇ ਪੀਪਲਜ਼ ਵਾਰ ਗਰੁੱਪ ਦੀ ਜਨ ਨਾਟਯ ਮੰਡਲੀ ਦੇ ਬਾਨੀ ਸਨ। ਬਾਅਦ ਵਿਚ ਪੀਪਲਜ਼ ਵਾਰ ਗਰੁੱਪ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) ਬਣ ਗਿਆ ਸੀ। ਉਨ੍ਹਾ ਦੇ ਗੀਤਾਂ ਨੇ ਅਨੇਕਾਂ ਨੌਜਵਾਨਾਂ ਨੂੰ ਮਾਓਵਾਦ ਵੱਲ ਖਿੱਚਿਆ। ਉਨ੍ਹਾ 1987 ਵਿਚ ਕਰਮਚੇਡੂ ’ਚ ਦਲਿਤਾਂ ਦੇ ਕਤਲੇਆਮ ਵੱਲ ਦੇਸ਼ ਦਾ ਧਿਆਨ ਖਿੱਚਣ ’ਚ ਵੱਡਾ ਰੋਲ ਨਿਭਾਇਆ। 6 ਅਪ੍ਰੈਲ 1997 ਨੂੰ ਹੈਦਰਾਬਾਦ ’ਚ ਭੂਦੇਵੀ ਨਗਰ ’ਚ ਉਨ੍ਹਾ ਦੇ ਘਰ ’ਚ ਉਨ੍ਹਾ ’ਤੇ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ ਸੀ। ਉਨ੍ਹਾ ਦੀ ਸਰਜਰੀ ਹੋਈ ਤੇ ਇਕ ਗੋਲੀ ਉਨ੍ਹਾ ਦੀ ਰੀੜ੍ਹ ਦੀ ਹੱਡੀ ਵਿਚ ਮਰਨ ਤੱਕ ਰਹੀ। ਉਨ੍ਹਾ ਹਮਲੇ ਲਈ ਪੁਲਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾ ਵੱਖਰੇ ਤਿਲੰਗਾਨਾ ਰਾਜ ਲਈ ਚੱਲੀ ਲਹਿਰ ਦੀ ਹਮਾਇਤ ਕੀਤੀ ਸੀ। ਉਨ੍ਹਾ 2010 ਵਿਚ ਮਾਓਵਾਦੀ ਪਾਰਟੀ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ ਤੇ 2017 ’ਚ ਐਲਾਨਿਆ ਸੀ ਕਿ ਉਨ੍ਹਾ ਮਾਓਵਾਦੀਆਂ ਨਾਲੋਂ ਸੰਬੰਧ ਪੂਰੀ ਤਰ੍ਹਾਂ ਖਤਮ ਕਰ ਲਏ ਹਨ। ਹਮੇਸ਼ਾ ਚੋਣ ਸਿਆਸਤ ਦਾ ਵਿਰੋਧ ਕਰਨ ਵਾਲੇ ਗ਼ਦਰ 2018 ਵਿਚ ਵੋਟਰ ਬਣ ਗਏ ਸਨ ਤੇ ਉਸ ਸਾਲ ਤਿਲੰਗਾਨਾ ਅਸੰਬਲੀ ਦੀਆਂ ਚੋਣਾਂ ਵਿਚ ਵੋਟ ਵੀ ਪਾਈ ਸੀ। ਪਿਛਲੇ ਮਹੀਨੇ ਉਨ੍ਹਾ ਗ਼ਦਰ ਪਰਜਾ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਇਹ ਪਾਰਟੀ ਆਉਦੀਆਂ ਅਸੰਬਲੀ ਚੋਣਾਂ ਲੜੇਗੀ। ਇਸ ਤੋਂ ਪਹਿਲਾਂ ਉਨ੍ਹਾ ਕਾਂਗਰਸ ਦੀ ਵੀ ਹਮਾਇਤ ਕੀਤੀ ਸੀ। ਉਹ ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰੀ ਦੇ ਅਯੋਗ ਕਰਾਰ ਦੇਣ ਤੋਂ ਬਾਅਦ ਉਨ੍ਹਾ ਨੂੰ ਮਿਲੇ ਵੀ ਸਨ। ਉਨ੍ਹਾ ਦੇ ਗੀਤ ਕਈ ਤੇਲਗੂ ਫਿਲਮਾਂ ਵਿਚ ਵਰਤੇ ਗਏ ਅਤੇ ਹਿੱਟ ਹੋਏ। ਉਨ੍ਹਾ ਹਿੰਦੀ ਤੇ ਗੋਂਡ ਭਾਸ਼ਾ ਵਿਚ ਵੀ ਗੀਤ ਲਿਖੇ।



