77.8 ਕਿੱਲੋ ਹੈਰੋਇਨ ਬਰਾਮਦ

0
227

ਚੰਡੀਗੜ੍ਹ/ਫਿਰੋਜ਼ਪੁਰ (ਗੁਰਜੀਤ ਬਿੱਲਾ/ਅਸ਼ੋਕ ਸ਼ਰਮਾ)
ਇਸ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ ਕਰਦਿਆਂ ਪੰਜਾਬ ਪੁਲਸ ਨੇ 4 ਨਸ਼ਾ ਤਸਕਰਾਂ ਨੂੰ 77.8 ਕਿੱਲੋ ਹੈਰੋਇਨ(41.8 ਕਿਲੋ ਤੇ 36 ਕਿਲੋ) ਅਤੇ ਤਿੰਨ ਪਿਸਤੌਲਾਂ ਸਮੇਤ ਗਿ੍ਰਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਰੈਕਟਾਂ ਦਾ ਪਰਦਾ ਫਾਸ਼ ਕੀਤਾ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਐਤਵਾਰ ਇੱਥੇ ਦੱਸਿਆ ਕਿ ਇਹ ਦੋਵੇਂ ਖੁਫੀਆ ਕਾਰਵਾਈਆਂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਅੰਜ਼ਾਮ ਦਿੱਤੀਆਂ ਗਈਆਂ। ਪਹਿਲੀ ਕਾਰਵਾਈ ਬਾਬਤ ਡੀ ਜੀ ਪੀ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਹੈਰੋਇਨ ਦੀ ਵੱਡੀ ਖੇਪ ਬਾਰੇ ਮਿਲੀ ਸੂਹ ਦੇ ਆਧਾਰ ’ਤੇ ਏ ਆਈ ਜੀ ਐੱਸ ਐੱਸ ਓ ਸੀ ਫਿਰੋਜ਼ਪੁਰ ਲਖਬੀਰ ਸਿੰਘ ਦੀ ਅਗਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀਆਂ ਪੁਲਸ ਟੀਮਾਂ ਨੇ ਨਾਕਾਬੰਦੀ ਕੀਤੀ ਅਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਦੋਂ ਉਹ ਦੋਵੇਂ ਖੇਪ ਪ੍ਰਾਪਤ ਕਰਨ ਉਪਰੰਤ ਆਪਣੇ ਮੋਟਰਸਾਈਕਲ ’ਤੇ ਆ ਰਹੇ ਸਨ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੱਗਾ ਗਿੱਲ ਉਰਫ਼ ਗਗਨ ਉਰਫ਼ ਕਾਲੀ ਵਾਸੀ ਪਿੰਡ ਬਾਰੇ ਕੇ, ਫ਼ਿਰੋਜ਼ਪੁਰ ਅਤੇ ਵੀਰ ਸਿੰਘ ਉਰਫ਼ ਵੀਰੂ ਵਾਸੀ ਮੁਹਾਰ ਸੋਨਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਇਨ੍ਹਾਂ ਕੋਲੋਂ 41.8 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲਾਂ-ਦੋ ਪਿਸਤੌਲ 9 ਐੱਮ ਐੱਮ ਸਮੇਤ ਚਾਰ ਮੈਗਜ਼ੀਨ ਅਤੇ 100 ਕਾਰਤੂਸ ਅਤੇ .30 ਬੋਰ ਦਾ 1 ਜ਼ਿਗਾਨਾ ਸਮੇਤ ਦੋ ਮੈਗਜ਼ੀਨ ਅਤੇ 15 ਕਾਰਤੂਸ ਬਰਾਮਦ ਕੀਤੇ ਹਨ। ਇਸ ਸੰਬੰਧੀ ਥਾਣਾ ਐੱਸ ਐੱਸ ਓ ਸੀ ਫਾਜ਼ਿਲਕਾ ਵਿਖੇ ਐੱਨ ਡੀ ਪੀ ਐੱਸ ਐਕਟ ਦੀ ਧਾਰਾ 21 (ਸੀ) ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀ ਜੀ ਪੀ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ’ਤੇ ਆਧਾਰਤ ਇੱਕ ਹੋਰ ਕਾਰਵਾਈ ਦੌਰਾਨ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀਆਂ ਪੁਲਸ ਟੀਮਾਂ ਨੇ ਜਸਭਿੰਦਰ ਸਿੰਘ ਉਰਫ਼ ਭਿੰਦਾ ਅਤੇ ਜਗਦੀਪ ਸਿੰਘ ਉਰਫ਼ ਭੁੱਚਰ, ਦੋਵੇਂ ਵਾਸੀ ਪਿੰਡ ਦੀਪ ਸਿੰਘ ਵਾਲਾ, ਫ਼ਰੀਦਕੋਟ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ 36 ਕਿੱਲੋ ਹੈਰੋਇਨ ਬਰਾਮਦ ਕੀਤੀ। ਇਹ ਗਿ੍ਰਫਤਾਰੀ ਉਸ ਸਮੇਂ ਕੀਤੀ ਗਈ, ਜਦੋਂ ਉਕਤ ਵਿਅਕਤੀ ਖੇਪ ਬਰਾਮਦ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਆ ਰਹੇ ਸਨ। ਇਸ ਸੰਬੰਧੀ ਥਾਣਾ ਐੱਸ ਐੱਸ ਓ ਸੀ ਫਾਜ਼ਿਲਕਾ ਵਿਖੇ ਐੱਨ ਡੀ ਪੀ ਐੱਸ ਐਕਟ ਦੀ ਧਾਰਾ 21 (ਸੀ) ਅਤੇ 29 ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਡੀ ਜੀ ਪੀ ਨੇ ਕਿਹਾ ਕਿ ਇਹ ਮਡਿਊਲ ਪੰਜਾਬ ਵਿੱਚ ਵੱਡੇ ਪੱਧਰ ’ਤੇ ਸਰਹੱਦ ਪਾਰੋਂ ਅਤੇ ਅੰਤਰਰਾਜੀ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ। ਸਪੈਸ਼ਲ ਡੀ ਜੀ ਪੀ (ਅੰਦਰੂਨੀ ਸੁਰੱਖਿਆ) ਆਰ ਐੱਨ ਢੋਕੇ ਨੇ ਦੱਸਿਆ ਕਿ ਪੁਲਸ ਟੀਮਾਂ ਇਸ ਖੇਪ ਨੂੰ ਭੇਜਣ ਵਾਲੇ ਪਾਕਿਸਤਾਨ ਅਧਾਰਤ ਤਸਕਰਾਂ ਸਮਤੇ ਤਸਕਰੀ ’ਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦਾ ਖੁਰਾ ਖੋਜਣ ਲਈ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗਿ੍ਰਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here