27.9 C
Jalandhar
Sunday, September 8, 2024
spot_img

ਮੇਵਾਤ ਦੰਗੇ ਭਾਜਪਾ ਨੂੰ ਮਹਿੰਗੇ ਪੈਣਗੇ

ਬੀਤੇ ਸੋਮਵਾਰ ਹਰਿਆਣਾ ਦੇ ਮੇਵਾਤ ਇਲਾਕੇ ਵਿੱਚ ਭੜਕੀ ਹਿੰਸਾ ਪੂਰੀ ਤਰ੍ਹਾਂ ਯੋਜਨਾਬੱਧ ਸੀ। ਦੱਖਣੀ ਹਰਿਆਣਾ ਦੇ ਇਸ ਇਲਾਕੇ ਵਿੱਚ ਮੇਵ ਮੁਸਲਮਾਨਾਂ ਦੀ ਕਾਫ਼ੀ ਵੱਡੀ ਗਿਣਤੀ ਰਹਿੰਦੀ ਹੈ। ਦੇਸ਼ ਦੀ ਵੰਡ ਸਮੇਂ ਮਹਾਤਮਾ ਗਾਂਧੀ ਦੇ ਕਹਿਣ ਉੱਤੇ ਇਨ੍ਹਾਂ ਲੋਕਾਂ ਨੇ ਹਿੰਦੋਸਤਾਨ ਵਿੱਚ ਹੀ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਮੇਵ ਅਸਲ ਵਿੱਚ ਇੱਕ ਧਰਮ ਨਾ ਹੋ ਕੇ ਇੱਕ ਸੰਸ�ਿਤੀ ਹੈ। ਮੁਸਲਮਾਨਾਂ ਵਿੱਚ ਕੋਈ ਗੋਤ ਨਹੀਂ ਹੁੰਦਾ, ਪਰ ਮੇਵ ਮੁਸਲਮਾਨਾਂ ਦੇ ਜਾਟ ਜਾਂ ਜੱਟਾਂ ਵਾਂਗ 52 ਗੋਤ ਹਨ। ਇਨ੍ਹਾਂ ਵਿੱਚੋਂ 5 ਗੋਤਾਂ ਵਾਲੇ ਤਾਂ ਆਪਣੇ ਆਪ ਨੂੰ ਯਾਦੂਵੰਸ਼ੀ ਭਾਵ �ਿਸ਼ਨ ਦਾ ਅੰਸ਼ ਮੰਨਦੇ ਹਨ। ਇਹ ਠੇਠ ਹਰਿਆਣਵੀ ਬੋਲਦੇ ਹਨ। ਇਨ੍ਹਾਂ ਦੇ ਲੋਕ ਗੀਤ, ਤੀਜ-ਤਿਉਹਾਰ ਵੀ ਜਾਟਾਂ ਵਰਗੇ ਹਨ।
ਇਹ ਇਲਾਕਾ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਘੇਰੇ ਵਿੱਚ ਆਉਂਦਾ ਹੈ। ਹਿੰਦੂਤਵੀਆਂ ਨੇ ਫਸਾਦ ਭੜਕਾਉਣ ਲਈ ਇਸ ਇਲਾਕੇ ਨੂੰ ਇਸ ਲਈ ਚੁਣਿਆ, ਕਿਉਂਕਿ ਇੱਥੇ ਭੜਕੀ ਫਿਰਕੂ ਅੱਗ ਹਰਿਆਣਾ ਦੇ ਨਾਲ-ਨਾਲ ਦਿੱਲੀ, ਰਾਜਸਥਾਨ ਤੇ ਯੂ ਪੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਸੀ। ਆਮ ਤੌਰ ਉੱਤੇ ਦੇਖਿਆ ਗਿਆ ਹੈ ਕਿ ਫਿਰਕੂ ਫਸਾਦਾਂ ਦੀ ਸ਼ੁਰੂਆਤ ਭਾੜੇ ਦੇ ਗੁੰਡਿਆਂ ਰਾਹੀਂ ਕਰਵਾਈ ਜਾਂਦੀ ਹੈ ਤੇ ਫਿਰ ਇਸ ਨੂੰ ਹਿੰਦੂ-ਮੁਸਲਿਮ ਦਾ ਸਵਾਲ ਬਣਾ ਦਿੱਤਾ ਜਾਂਦਾ ਹੈ।
ਹੁਣ ਸਿਲਸਿਲੇਵਾਰ ਦੇਖੀਏ; ਸ਼ੋਭਾ ਯਾਤਰਾ ਦੇ ਐਲਾਨ ਤੋਂ ਬਾਅਦ ਤਣਾਅ ਪੈਦਾ ਹੁੰਦਾ ਹੈ ਤਾਂ ਨੂਹ ਦਾ ਪੁਲਸ ਮੁਖੀ ਛੁੱਟੀ ਉੱਤੇ ਚਲਾ ਜਾਂਦਾ ਹੈ। ਦੰਗੇ ਸ਼ੁਰੂ ਹੋ ਜਾਂਦੇ ਹਨ ਤਾਂ ਰਾਜ ਦਾ ਗ੍ਰਹਿ ਮੰਤਰੀ ਇਹ ਬਿਆਨ ਦਾਗ ਦਿੰਦਾ ਹੈ ਕਿ ਨਲਹਰ ਦੇ ਸ਼ਿਵ ਮੰਦਰ ਵਿੱਚ 3-4 ਹਜ਼ਾਰ ਹਿੰਦੂਆਂ ਨੂੰ ਬੰਧਕ ਬਣਾ ਲਿਆ ਗਿਆ ਹੈ ਤੇ ਪੁਲਸ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋ ਅਗਸਤ ਨੂੰ ਹਿਸਾਰ ਜ਼ਿਲ੍ਹੇ ਦੇ ਹਾਂਸੀ ਵਿੱਚ ਹਿੰਦੂਤਵੀਆਂ ਵੱਲੋਂ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਭਾਸ਼ਣਾਂ ਰਾਹੀਂ ਮੁਸਲਮਾਨਾਂ ਨੂੰ ਦੋ ਦਿਨਾਂ ਵਿੱਚ ਸ਼ਹਿਰ ਛੱਡਣ ਜਾਂ ਸਿੱਟੇ ਭੁਗਤਣ ਲਈ ਤਿਆਰ ਰਹਿਣ ਦਾ ਅਲਟੀਮੇਟਮ ਦਿੱਤਾ ਗਿਆ। ਇਸ ਭਾਸ਼ਣ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ। ਇਸ ਦੌਰਾਨ ਹੀ ਮੁਸਲਮਾਨਾਂ ਦੀਆਂ 45 ਦੁਕਾਨਾਂ ਉੱਤੇ ਨਲਹਰ ਵਿੱਚ ਬੁਲਡੋਜ਼ਰ ਚਲਾ ਦਿੱਤਾ ਗਿਆ।
ਗੱਲ ਇੱਥੇ ਹੀ ਰੁਕੀ ਨਹੀਂ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦੰਗਿਆਂ ਪਿੱਛੇ ਕਿਸੇ ਸਾਜ਼ਿਸ਼ ਦੇ ਬਿਆਨ ਤੋਂ ਬਾਅਦ ਭਾਜਪਾ ਦੀ ਸੋਸ਼ਲ ਮੀਡੀਆ ਆਰਮੀ ਨੇ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਗ੍ਰਹਿ ਮੰਤਰੀ ਅਨਿਲ ਵਿੱਜ ਦੇ ਮੰਦਰ ਵਿੱਚ ਬੰਧਕਾਂ ਵਾਲੇ ਬਿਆਨ ਦਾ ਪੁਜਾਰੀ ਵੱਲੋਂ ਖੰਡਨ ਕੀਤੇ ਜਾਣ ਦੇ ਬਾਵਜੂਦ ਹਿੰਦੂਤਵੀ ਫਸਾਦੀਆਂ ਨੇ ਸੋਸ਼ਲ ਮੀਡੀਆ ਉੱਤੇ ਇਹ ਪੋਸਟ ਪਾ ਦਿੱਤੀ ਕਿ ਮੰਦਰ ਵਿੱਚ ਬੰਧਕ ਬਣਾਈਆਂ ਗਈਆਂ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਸੀ।
ਹੁਣੇ ਏ ਡੀ ਜੀ ਪੀ ਮਮਤਾ ਸਿੰਘ ਦਾ ਬਿਆਨ ਆਇਆ ਹੈ, ‘‘ਮੈਂ ਪੂਰਾ ਸਮਾਂ ਮੰਦਰ ਵਿੱਚ ਰਹੀ ਹਾਂ, ਬਲਾਤਕਾਰ ਦੀ ਗੱਲ ਨਿਰਾ ਝੂਠ ਤੇ ਅਫ਼ਵਾਹ ਹੈ।’’ ਇਸ ਦੇ ਨਾਲ ਹੀ ਹਰਿਆਣਾ ਦੇ ਡੀ ਜੀ ਪੀ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਦੰਗਿਆਂ ਨਾਲ ਪਾਕਿਸਤਾਨ ਦਾ ਕੋਈ ਸੰਬੰਧ ਨਹੀਂ ਹੈ।
ਏਨਾ ਕੁਝ ਕੀਤੇ ਜਾਣ ਦੇ ਬਾਵਜੂਦ ਹਿੰਦੂਤਵੀਆਂ ਨੇ ਕੁਝ ਮਸਜਿਦਾਂ ਤੇ ਦੁਕਾਨਾਂ ਨੂੰ ਤਾਂ ਭਾਵੇਂ ਸਾੜ ਦਿੱਤਾ, ਪਰ ਉਹ ਲੋਕ ਮਨਾਂ ਵਿੱਚ ਨਫ਼ਰਤ ਦੀ ਅੱਗ ਭੜਕਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਵੱਲੋਂ ਵਾਰ-ਵਾਰ ਦਿੱਤੇ ਜਾ ਰਹੇ ਸੱਦਿਆਂ ਦੇ ਬਾਵਜੂਦ ਹਰਿਆਣਾ, ਯੂ ਪੀ, ਦਿੱਲੀ ਤੇ ਰਾਜਸਥਾਨ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਮੂੰਹ ਨਹੀਂ ਲਾਇਆ। ਹਿੰਦੂਤਵੀ ਤਾਕਤਾਂ ਨੂੰ ਦੰਗਿਆਂ ਦੀ ਇਹ ਰਾਜਨੀਤੀ ਮਹਿੰਗੀ ਪਵੇਗੀ, ਕਿਉਂਕਿ ਕਿਸਾਨ ਅੰਦੋਲਨ ਦੌਰਾਨ ਪੈਦਾ ਹੋਏ ਭਾਈਚਾਰੇ ਨੂੰ ਵੰਡ-ਪਾਊ ਤਾਕਤਾਂ ਤੋੜ ਨਹੀਂ ਸਕਣਗੀਆਂ।
ਸ਼ਨੀਵਾਰ ਨੂੰ ਹਰਿਆਣਾ ਦੇ ਜੀਂਦ ਦੇ ਉਚਾਨਾ ਕਲਾਂ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਨੇ ਮਿਲ ਕੇ ਭਾਜਪਾ ਦੇ ਫਿਰਕੂ ਧਰੁਵੀਕਰਨ ਦਾ ਮੁਕਾਬਲਾ ਕਰਨ ਦਾ ਅਹਿਦ ਲਿਆ ਹੈ। ਇਸ ਸਾਂਝੀ ਮੀਟਿੰਗ ਵਿੱਚ ਕੰਡੋਲਾ ਖਾਪ, ਮਾਜਰਾ ਖਾਪ, ਮੋਰ ਖਾਪ, ਦਹਾੜਨ ਖਾਪ, ਚਹਿਲ ਖਾਪ, ਬਿਨੈਨ ਖਾਪ, ਥੁਵਾ ਖਾਪ, ਤਪਾ ਖਾਪ, ਉਝਾਨਾ ਖਾਪ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ ਸਨ।
ਮੀਟਿੰਗ ਵਿੱਚ ਭਾਜਪਾ, ਆਰ ਐੱਸ ਐੱਸ, ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਿਰੁੱਧ ਨਿੰਦਾ ਮਤਾ ਪਾਸ ਕਰਕੇ ਬਜਰੰਗ ਦਲ ਤੇ ਆਰ ਐੱਸ ਐੱਸ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਸਦਭਾਵਨਾ ਕਾਇਮ ਕਰਨ ਲਈ ਨੂਹ ਦਾ ਦੌਰਾ ਕਰਨ ਦਾ ਵੀ ਫੈਸਲਾ ਕੀਤਾ।
ਮੀਟਿੰਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਵੋਟਾਂ ਦੇ ਧਰੁਵੀਕਰਨ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਕਿਸੇ ਨੇ ਵੀ ਹਰਿਆਣਾ ਦੇ ਤਾਣੇ-ਬਾਣੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹਰਿਆਣੇ ਦੀਆਂ ਸਾਰੀਆਂ ਖਾਪ ਪੰਚਾਇਤਾਂ ਤੇ ਸਮਾਜਕ ਜਥੇਬੰਦੀਆਂ 9 ਅਗਸਤ ਨੂੰ ਹਿਸਾਰ ਦੇ ਬਾਸ ਪਿੰਡ ਦੀ ਅਨਾਜ ਮੰਡੀ ਵਿੱਚ ਸਰਬ ਧਰਮ ਸੰਮੇਲਨ ਕਰਨਗੀਆਂ। ਮੀਟਿੰਗ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੀ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਨੀਤੀਆਂ ਤੋਂ ਬਾਜ਼ ਨਾ ਆਈ ਤਾਂ 2024 ਵਿੱਚ ਵੋਟ ਦੀ ਚੋਟ ਨਾਲ ਜਵਾਬ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੀਟਿੰਗ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਜ਼ਹਿਰ ਉਗਲਣ ਤੇ ਸਮਾਜ ਨੂੰ ਤੋੜਨ ਦੀ ਥਾਂ ਸਮਾਜ ਵਿੱਚ ਅਮਨ-ਚੈਨ ਦੀ ਬਹਾਲੀ ਲਈ ਸਹਿਯੋਗ ਕਰੇ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles