ਨਵੀਂ ਦਿੱਲੀ : ਮਨੀਪੁਰ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਹਿਯੋਗੀ ਕੁੱਕੀ ਪੀਪਲਜ਼ ਅਲਾਇੰਸ (ਕੇ ਪੀ ਏ) ਨੇ ਰਾਜ ’ਚ ਚੱਲ ਰਹੀ ਨਸਲੀ ਹਿੰਸਾ ਖਿਲਾਫ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ। ਰਾਜਪਾਲ ਅਨੁਸੂਈਆ ਉਈਕੇ ਨੂੰ ਭੇਜੇ ਪੱਤਰ ’ਚ ਕੇ ਪੀ ਏ, ਜਿਸ ਦੇ ਮਨੀਪੁਰ ਵਿਧਾਨ ਸਭਾ ’ਚ ਦੋ ਵਿਧਾਇਕ ਹਨ, ਨੇ ਕਿਹਾ-ਮੌਜੂਦਾ ਹਿੰਸਾ ਨੂੰ ਧਿਆਨ ਨਾਲ ਵਿਚਾਰਨ ਤੋਂ ਬਾਅਦ ਬੀਰੇਨ ਸਿੰਘ ਦੀ ਅਗਵਾਈ ਵਾਲੀ ਮਨੀਪੁਰ ਦੀ ਮੌਜੂਦਾ ਸਰਕਾਰ ਨੂੰ ਸਮਰਥਨ ਦੇਣਾ ਸੰਭਵ ਨਹੀਂ ਰਿਹਾ। ਕੇ ਪੀ ਏ ਸਮਰਥਨ ਵਾਪਸ ਲੈ ਰਿਹਾ ਹੈ।
ਕੇ ਪੀ ਏ ਨੇ 18 ਜੁਲਾਈ ਨੂੰ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਐੱਨ ਡੀ ਏ ਮੀਟਿੰਗ ’ਚ ਹਿੱਸਾ ਲਿਆ ਸੀ। ਕੇ ਪੀ ਏ ਦੇ ਦੋ ਵਿਧਾਇਕ, ਜਿਨ੍ਹਾਂ ਨੇ ਸਮਰਥਨ ਵਾਪਸ ਲੈ ਲਿਆ ਹੈ, ਕਿਮਨੇਓ ਹਾਓਕਿਪ ਹੈਂਗਸਿੰਗ ਅਤੇ ਚਿਨਲੁਨਥਾਂਗ ਹਨ। 60 ਮੈਂਬਰੀ ਮਨੀਪੁਰ ਵਿਧਾਨ ਸਭਾ ’ਚ ਭਾਜਪਾ ਦੇ 32 ਵਿਧਾਇਕ ਹਨ। ਸਰਕਾਰ ਨੂੰ ਨਾਗਾ ਪੀਪਲਜ਼ ਫਰੰਟ (5 ਵਿਧਾਇਕ) ਦਾ ਸਮਰਥਨ ਹੈ। ਸਦਨ ’ਚ ਨੈਸ਼ਨਲ ਪੀਪਲਜ਼ ਪਾਰਟੀ ਦੇ 7, ਜੇ ਡੀ ਯੂ ਦੇ 6 ਅਤੇ ਦੋ ਆਜ਼ਾਦ ਵਿਧਾਇਕ ਹਨ। ਭਾਜਪਾ ਦੇ 7 ਵਿਧਾਇਕਾਂ ਸਮੇਤ ਮਨੀਪੁਰ ਦੇ 10 ਵਿਧਾਇਕ ਕੁੱਕੀਆਂ ਦੇ ਪ੍ਰਭਾਵ ਵਾਲੇ ਜ਼ਿਲ੍ਹਿਆਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਕਰ ਰਹੇ ਹਨ।



