ਮੁਜ਼ੱਫਰਪੁਰ : ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ’ਚ ਛੇ ਵਿਅਕਤੀਆਂ ਵੱਲੋਂ 13 ਸਾਲਾ ਕੁੜੀ ਨੂੰ ਅਗਵਾ ਕਰਕੇ 28 ਦਿਨਾਂ ਤੱਕ ਸਮੂਹਕ ਬਲਾਤਕਾਰ ਕੀਤਾ ਗਿਆ। 5 ਅਗਸਤ ਦੀ ਸ਼ਾਮ ਨੂੰ ਮੁਲਜ਼ਮ ਨੇ ਪੀੜਤਾ ਦੀ ਮਾਂ ਨੂੰ ਫੋਨ ਕਰਕੇ ਸਰਾਇਆ ਚੌਕ ਤੋਂ ਕੁੜੀ ਲੈ ਕੇ ਜਾਣ ਲਈ ਕਿਹਾ। ਆਈ ਪੀ ਸੀ ਦੀ ਧਾਰਾ 366 ਏ ਅਤੇ ਪੋਕਸੋ ਐਕਟ ਤਹਿਤ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਜ਼ਿਲ੍ਹਾ ਪੁਲਸ ਮੁਲਜ਼ਮਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ ਸਰਾਇਆ ਥਾਣਾ ਅਧੀਨ ਪੈਂਦੇ ਪਿੰਡ ਸਿਸਵਾਨੀਆ ਤੋਂ ਮੁਲਜ਼ਮ 9 ਜੁਲਾਈ ਨੂੰ ਉਸ ਦੀ ਧੀ ਨੂੰ ਅਗਵਾ ਕਰਕੇ ਕਾਰ ’ਚ ਲੈ ਗਿਆ। 9 ਜੁਲਾਈ ਨੂੰ ਮੁਲਜ਼ਮ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ, ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। 5 ਅਗਸਤ ਨੂੰ ਰਾਤ 8 ਵਜੇ ਮੁਲਜ਼ਮ ਦਾ ਫੋਨ ਆਇਆ ਤੇ ਉਸ ਨੇ ਸਰਾਇਆ ਚੌਕ ਤੋਂ ਆਪਣੀ ਧੀ ਨੂੰ ਲੈ ਕੇ ਜਾਣ ਲਈ ਕਿਹਾ। ਜਦੋਂ ਉਹ ਉੱਥੇ ਪੁੱਜੀ ਤਾਂ ਕੁੜੀ ਤਰਸਯੋਗ ਹਾਲਤ ’ਚ ਸੀ। ਪੁਲਸ ਮੁਤਾਬਕ ਪੀੜਤਾ ਫੇਸਬੁੱਕ ’ਤੇ ਦੋਸ਼ੀ ਦੇ ਸੰਪਰਕ ’ਚ ਆਈ ਸੀ। 9 ਜੁਲਾਈ ਨੂੰ ਉਸ ਨੂੰ ਅਗਵਾ ਕਰਨ ਤੋਂ ਬਾਅਦ ਉਸ ਨੂੰ ਕਿਸੇ ਅਣਦੱਸੀ ਥਾਂ ’ਤੇ ਲਿਜਾਇਆ ਗਿਆ ਅਤੇ ਅਗਲੇ 28 ਦਿਨਾਂ ਲਈ ਬੰਦੀ ਬਣਾ ਕੇ ਰੱਖਿਆ ਗਿਆ। ਧਾਰਾ 164 ਦੇ ਤਹਿਤ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ ਅਤੇ ਉਸ ਦੀ ਮੈਡੀਕਲ ਜਾਂਚ ਵੀ ਕਰਵਾਈ ਹੈ। ਉਸ ਨੇ ਮੁਲਜ਼ਮਾਂ ਦੀ ਪਛਾਣ ਦੱਸ ਦਿੱਤੀ ਹੈ। ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।




