ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਵੱਲੋਂ 9 ਅਗਸਤ ਨੂੰ ਮੁਲਾਜ਼ਮਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਕੰਟਰੈਕਟ/ ਆਊਟ ਸੋਰਸ ਵਰਕਰਾਂ, ਸਕੀਮ ਵਰਕਰਾਂ, ਨਰੇਗਾ ਕਾਮਿਆਂ, ਭੱਠਾ ਵਰਕਰਾਂ, ਐੱਫ ਸੀ ਆਈ ਪੱਲੇਦਾਰ ਵਰਕਰਾਂ, ਖੇਤ ਮਜ਼ਦੂਰਾਂ, ਉਸਾਰੀ ਕਿਰਤੀਆਂ, ਆਂਗਣਵਾੜੀ, ਆਸ਼ਾ ਵਰਕਰਾਂ, ਘਰੇਲੂ ਕੰਮਕਾਜੀ ਔਰਤਾਂ, ਸਨਅਤੀ ਮਜ਼ਦੂਰਾਂ ਆਦਿ ਸਭ ਤਰ੍ਹਾਂ ਦੇ ਕਿਰਤੀਆਂ ਦੇ ਮਸਲਿਆਂ ਨੂੰ ਲੈ ਕੇ ਮੋਦੀ-ਸ਼ਾਹ ਦੀ ਲੋਕ ਵਿਰੋਧੀ ਸਰਕਾਰ ਦੀਆਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਪਛਾੜਨ ਲਈ ਅਤੇ ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਲਈ ਦੇਸ਼-ਵਿਆਪੀ ਲਾਮਬੰਦੀ ਕਰਨ ਲਈ ਅਤੇ ਭਵਿੱਖ ਦੇ ਵੱਡੇ ਸੰਘਰਸ਼ਾਂ ਦੀ ਤਿਆਰੀ ਵਜੋਂ ਸਾਰੇ ਦੇਸ਼ ਵਿੱਚ ਭਾਰਤ ਛੱਡੋ ਅੰਦੋਲਨ ਦੀ ਤਰ੍ਹਾਂ ਵਿਸ਼ਾਲ ਮੁਜ਼ਾਹਰੇ, ਧਰਨੇ, ਜਲੂਸ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਐਕਸ਼ਨ ਪ੍ਰੋਗਰਾਮ ਮੁਤਾਬਕ ਹੀ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ, ਸਨਅਤੀ ਕੇਂਦਰਾਂ ਅਤੇ ਮੁੱਖ ਦਫਤਰਾਂ ਦੇ ਸਾਹਮਣੇ ਅਜਿਹੇ ਐਕਸ਼ਨ ਵੱਡੇ ਪੈਮਾਨੇ ਉਪਰ ਕੀਤੇ ਜਾ ਰਹੇ ਹਨ। ਇਨ੍ਹਾਂ ਧਰਨਿਆਂ, ਮੁਜ਼ਾਹਰਿਆਂ ਅਤੇ ਰੈਲੀਆਂ ਰਾਹੀਂ ਜ਼ੋਰਦਾਰ ਮੰਗ ਕੀਤੀ ਜਾਵੇਗੀ ਕਿ ਘੱਟੋ-ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਕੰਟਰੈਕਟ/ਆਊਟਸੋਰਸ ਸਿਸਟਮ ਖਤਮ ਕਰਕੇ ਸਭ ਤਰ੍ਹਾਂ ਦੇ ਕਰਮਚਾਰੀ ਪੱਕੇ ਕੀਤੇ ਜਾਣ, ਮਜ਼ਦੂਰ ਵਿਰੋਧੀ ਚਾਰੇ ਲੇਬਰ ਕੋਡਜ਼ ਰੱਦ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਸਕੀਮ ਵਰਕਰਾਂ ਨੂੰ ਰੈਗੂਲਰ ਵਰਕਰਜ਼ ਦਾ ਦਰਜਾ ਦਿੱਤਾ ਜਾਵੇ, ਅੱਤ ਦੀ ਮਹਿੰਗਾਈ ਨੂੰ ਰੋਕਿਆ ਜਾਵੇ, ਭੱਠਾ ਵਰਕਰ, ਪੱਲੇਦਾਰ, ਖੇਤ ਮਜ਼ਦੂਰ, ਘਰੇਲੂ ਕੰਮਕਾਜੀ ਔਰਤਾਂ, ਆਂਗਣਵਾੜੀ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ, ਉਸਾਰੀ ਕਿਰਤੀ, ਨਰੇਗਾ ਵਰਕਰਾਂ ਆਦਿ ਸਭ ਵਰਕਰਾਂ ਦੀਆਂ ਮੰਗਾਂ ਮੰਨਣਾ ਅਤੇ ਉਹਨਾਂ ਦੀਆਂ ਕੰਮ ਹਾਲਤਾਂ ਨੂੰ ਬਿਹਤਰ ਬਣਾਉਣਾ ਆਦਿ ਮਸਲੇ ਹੱਲ ਕੀਤੇ ਜਾਣ।
ਬਰਾੜ ਅਤੇ ਧਾਲੀਵਾਲ ਨੇ ਏਟਕ ਨਾਲ ਸੰਬੰਧਤ ਸਾਰੇ ਆਗੂ ਸਾਥੀਆਂ ਅਤੇ ਕਾਰਕੁਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਐਕਸ਼ਨ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਕਾਮਯਾਬ ਕਰਨ ਲਈ ਪੂਰੀ ਤਾਕਤ ਲਾ ਦਿਓ।



