ਮੋਗਾ : ਸੋਮਵਾਰ ਇਥੇ ਦਿਨ-ਦਿਹਾੜੇ ਅੰਮਿ੍ਰਤਸਰ ਰੋਡ ਉੱਤੇ ਆਇਲੈੱਟਸ ਸੈਂਟਰ ਸੰਚਾਲਕ ਉੱਤੇ ਜਾਨਲੇਵਾ ਹਮਲਾ ਕਰਨ ’ਚ ਅਸਫਲ ਰਹਿਣ ਮਗਰੋਂ ਫਰਾਰ ‘ਦਹਿਸ਼ਤਗਰਦਾਂ’ ਦੀ ਮੋਟਰਸਾਈਕਲ ਸ਼ਹਿਰ ਤੋਂ ਬਾਹਰ ਲੁਹਾਰਾ ਚੌਕ ਥਾਣਾ ਧਰਮਕੋਟ ਖੇਤਰ ’ਚ ਹਾਦਸੇ ਦਾ ਸ਼ਿਕਾਰ ਹੋ ਗਈ। ਮੋਟਰਸਾਈਕਲ ਸਵਾਰ ਦੋਵੇਂ ਮੁੰਡੇ ਡਿੱਗ ਗਏ ਤਾਂ ਰਾਹਗੀਰ ਮਦਦ ਲਈ ਪੁੱਜੇ ਅਤੇ ਹਸਪਤਾਲ ਲਿਜਾਣ ਲਈ ਆਖਿਆ ਤਾਂ ‘ਦਹਿਸ਼ਤਗਰਦ’ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਲੋਕਾਂ ਨੂੰ ਸ਼ੱਕ ਹੋ ਗਿਆ ਤੇ ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਦੋਵਾਂ ਦੀ ਡੱਬ ਵਿਚ ਪਿਸਤੌਲ ਸਨ। ਪਿੰਡ ਲੁਹਾਰਾ ਦੇ ਨੌਜਵਾਨ ਜਗਤਾਰ ਸਿੰਘ ਨੇ ਹੋਰ ਨੌਜਵਾਨ ਦਰਸ਼ਨ ਸਿੰਘ ਦੀ ਮਦਦ ਨਾਲ ਕਾਬੂ ਕਰਕੇ ਬਹਾਦਰੀ ਦਿਖਾਈ। ਦੋਵਾਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ’ਚੋਂ ਇਕ ‘ਦਹਿਸ਼ਤਗਰਦ’ ਮੁਜ਼ੱਫਰਨਗਰ ਤੇ ਦੂਜਾ ਦਿੱਲੀ ਦਾ ਰਹਿਣ ਵਾਲਾ ਹੈ। ਦੋਵਾਂ ਮੁਲਜ਼ਮਾਂ ਖਿਲਾਫ ਥਾਣਾ ਧਰਮਕੋਟ ਪੁਲਸ ਨੇ ਆਰਮਜ਼ ਐਕਟ ਅਧੀਨ ਧਾਰਾਵਾਂ ਤਹਿਤ, ਜਦੋਂ ਕਿ ਥਾਣਾ ਸਿਟੀ ਪੁਲਸ ਨੇ ਆਇਲੈੱਟਸ ਸੈਂਟਰ ਸੰਚਾਲਕ ਵਨੀਤ ਸ਼ਰਮਾ ਦੇ ਬਿਆਨ ਉੱਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।




