ਮਾਨਸਾ (ਆਤਮਾ ਸਿੰਘ ਪਮਾਰ)
ਨਸ਼ਾ ਵਿਰੋਧੀ ਸਾਂਝੀ ਐਕਸਨ ਕਮੇਟੀ ਤੇ ਐਂਟੀ ਡਰੱਗ ਟਾਸਕ ਫੋਰਸ ਦੀ ਟੀਮ ਨੂੰ ਮੰਗਲਵਾਰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋ ਸੀ ਪੀ ਆਈ ਦੇ ਸੈਂਕੜੇ ਵਰਕਰਾਂ ਵੱਲੋਂ ਕਿ੍ਰਸ਼ਨ ਚੌਹਾਨ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਅਤੇ ਦੇਵ ਪ੍ਰਕਾਸ਼ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਧਰਨੇ ਵਿੱਚ ਗਰਮਜੋਸ਼ੀ ਨਾਲ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਪਾਰਲੀਮੈਂਟ ਦੀ ਇੱਕ ਕਮੇਟੀ ਵੱਲੋਂ ਪੰਜਾਬ ਦੇ 66 ਲੱਖ ਲੋਕਾਂ ਦੇ ਨਸ਼ੇ ਦੇ ਆਦੀ ਹੋਣ ਦੀ ਰਿਪੋਰਟਿੰਗ ਕਰਨਾ ਪੰਜਾਬ ਦੇ ਭਵਿੱਖ ਅਤੇ ਜਵਾਨੀ ਲਈ ਇੱਕ ਅਸ਼ੁੱਭ ਸੰਕੇਤ ਹੈ। ਉਨ੍ਹਾ ਸਿਆਸਤਦਾਨਾਂ, ਪੁਲਸ ਤੇ ਨਸ਼ਾ ਤਸਕਰਾਂ ਖਿਲਾਫ ਇੱਕ ਵਿਆਪਕ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਅਤੇ ਹਰ ਵਰਗ ਦੇ ਲੋਕਾਂ ਨੂੰ ਨਸ਼ਾ ਵਿਰੋਧੀ ਲਹਿਰ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਅਰਸ਼ੀ ਨੇ ਨਸ਼ਾ ਤਸਕਰਾਂ ਦੀ ਸ਼ਹਿ ’ਤੇ ਪੁਲਸ ਵੱਲੋਂ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਆਗੂਆਂ ’ਤੇ ਪਾਏ ਝੂਠੇ ਕੇਸਾਂ ਨੂੰ ਰੱਦ ਕਰਵਾਉਣ ਲਈ ਤਿੱਖੇ ਅਤੇ ਸਾਂਝੇ ਸੰਘਰਸ਼ ਕਰਨ ’ਤੇ ਜ਼ੋਰ ਦਿੱਤਾ।
ਧਰਨੇ ਨੂੰ ਵੱਖ-ਵੱਖ ਆਗੂਆਂ ਰਾਜਵਿੰਦਰ ਸਿੰਘ ਰਾਣਾ, ਕਿ੍ਰਸ਼ਨ ਚੌਹਾਨ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਗੁਰਮੀਤ ਸਿੰਘ ਜੋਗਾ ਪ੍ਰਧਾਨ ਨਗਰ ਕੌਂਸਲ ਜੋਗਾ, ਧੰਨਾ ਮੱਲ ਗੋਇਲ , ਛੱਜੂ ਰਾਮ ਰਿਸ਼ੀ, ਤੇਜ ਸਿੰਘ ਚਕੇਰੀਆ, ਗਗਨਦੀਪ, ਸੀਤਾ ਰਾਮ ਗੋਬਿੰਦਪੁਰਾ, ਮਲਕੀਤ ਮੰਦਰਾ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 14 ਅਗਸਤ ਦੇ ਰੋਸ ਪ੍ਰਦਰਸ਼ਨ ਦੀ ਤਿਆਰੀ ਤੇ ਸਫਲਤਾ ਲਈ ਲੋਕਾਂ ਵੱਲੋਂ ਖੁਦ ਕਮਾਂਡ ਸੰਭਾਲ ਲਈ ਹੈ। 14 ਅਗਸਤ ਦਾ ਪ੍ਰਦਰਸ਼ਨ ਲਾਮਿਸਾਲ ਤੇ ਇਤਿਹਾਸਕ ਹੋਵੇਗਾ ਅਤੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾਅ ਕੇ ਰੱਖ ਦੇਵੇਗਾ। ਇਸ ਮੌਕੇ ਅਮਨ ਪਟਵਾਰੀ, ਬਲਜਿੰਦਰ ਸਿੰਘ, ਸੁਰਿੰਦਰਪਾਲ ਮਾਨਸਾ, ਨਰੇਸ਼ ਬੁਰਜ ਹਰੀ, ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ, ਗੁਰਪਿਆਰ ਫੱਤਾ, ਰਾਜਿੰਦਰ ਹੀਰੇਵਾਲਾ, ਦਲਜੀਤ ਮਾਨਸ਼ਾਹੀਆ, ਸੁਖਦੇਵ ਸਿੰਘ ਮਾਨਸਾ, ਮਨਜੀਤ ਮੀਹਾ, ਮਲਕੀਤ ਸਿੰਘ ਜੋਗਾ ਐੱਮ ਸੀ, ਅਜਾਇਬ ਸਿੰਘ ਟਿਵਾਣਾ, ਰਤਨ ਭੋਲਾ, ਖੁਸਪਿੰਦਰ ਚੌਹਾਨ, ਬਲਵਿੰਦਰ ਸਿੰਘ ਕੋਟ ਧਰਮੂ ਤੇ ਗੁਰਤੇਜ ਭੂਪਾਲ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।





