ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਪਬਲਿਕ ਹੈਲਥ ਇੰਸ਼ੋਰੈਂਸ ਸਕੀਮ ‘ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ’ ਵਿਚ ਵੱਡੀਆਂ ਬੇਨੇਮੀਆਂ ਸਾਹਮਣੇ ਆਈਆਂ ਹਨ। ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਇਸ ਯੋਜਨਾ ਤਹਿਤ ਲਾਭਾਰਥੀਆਂ ਦੇ ਰਜਿਸਟ੍ਰੇਸ਼ਨ ਤੇ ਉਨ੍ਹਾਂ ਦੀ ਪ੍ਰੋੜ੍ਹਤਾ ’ਚ ਬੇਨੇਮੀਆਂ ਨੂੰ ਉਜਾਗਰ ਕਰਦਿਆਂ ਦੱਸਿਆ ਹੈ ਕਿ ਲੱਗਭੱਗ ਸਾਢੇ 7 ਲੱਖ ਲਾਭਾਰਥੀ ਤਾਂ ਇਕ ਹੀ ਫੋਨ ਨੰਬਰ 9999999999 ਨਾਲ ਰਜਿਸਟਰਡ ਸਨ।
ਲੰਘੇ ਸੋਮਵਾਰ ਲੋਕ ਸਭਾ ਵਿਚ ਪੇਸ਼ ਆਪਣੀ ਆਡਿਟ ਰਿਪੋਰਟ ’ਚ ਕੈਗ ਨੇ ਕਿਹਾ ਕਿ ਕੁਲ ਮਿਲਾ ਕੇ ਯੋਜਨਾ ਦੀ ਲਾਭਾਰਥੀ ਪਛਾਣ ਪ੍ਰਣਾਲੀ ਵਿਚ 749820 ਲਾਭਾਰਥੀ ਇਕ ਹੀ ਮੋਬਾਈਲ ਨੰਬਰ ਨਾਲ ਜੁੜੇ ਹੋਏ ਸਨ। ਇਨ੍ਹਾਂ ਤੋਂ ਇਲਾਵਾ 139300 ਲਾਭਾਰਥੀ 8888888888 ਫੋਨ ਨੰਬਰ ਨਾਲ ਜੁੜੇ ਹੋਏ ਸਨ ਅਤੇ 96046 ਲੋਕ 9000000000 ਨੰਬਰ ਨਾਲ ਰਜਿਸਟਰਡ ਸਨ। ਘੱਟੋਘੱਟ 20 ਫੋਨ ਨੰਬਰ ਅਜਿਹੇ ਸਨ, ਜਿਨ੍ਹਾਂ ਨਾਲ 100001 ਤੋਂ 500000 ਲਾਭਾਰਥੀ ਜੁੜੇ ਹੋਏ ਸਨ।


