ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਵਿਸ ਬਿੱਲ ’ਤੇ ਉਨ੍ਹਾ ਦੀ ਹਮਾਇਤ ਕਰਨ ਵਾਲੀਆਂ ਆਪੋਜ਼ੀਸ਼ਨ ਪਾਰਟੀਆਂ ਦੇ ਸਾਂਸਦਾਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਸ਼ਿਬੂ ਸੋਰੇਨ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ ਹੈ, ਜਿਹੜੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਦੇਰ ਰਾਤ ਵੋਟਿੰਗ ਤੱਕ ਰਾਜ ਸਭਾ ਵਿਚ ਮੌਜੂਦ ਰਹੇ।
ਕੇਜਰੀਵਾਲ ਨੇ ਚਿੱਠੀ ਵਿਚ ਲਿਖਿਆ ਹੈਮੈਂ ਤੁਹਾਡਾ ਦਿੱਲੀ ਦੇ 2 ਕਰੋੜ ਲੋਕਾਂ ਵੱਲੋਂ ਧੰਨਵਾਦ ਕਰਦਾ ਹਾਂ। ਤੁਸੀਂ ਦਿੱਲੀ ਬਿੱਲ ਖਿਲਾਫ ਵੋਟ ਪਾਈ। ਸੰਸਦ ਦੇ ਅੰਦਰ ਤੇ ਬਾਹਰ ਦਿੱਲੀ ਦੇ ਅਧਿਕਾਰਾਂ ਦੀ ਵਕਾਲਤ ਲਈ ਤੁਸੀਂ ਤਾਰੀਫ ਦੇ ਕਾਬਲ ਹੋ। ਮੈਨੂੰ ਵਿਸ਼ਵਾਸ ਹੈ ਕਿ ਸੰਵਿਧਾਨ ਪ੍ਰਤੀ ਤੁਹਾਡੇ ਅਟੁੱਟ ਵਿਸ਼ਵਾਸ ਨੂੰ ਦਹਾਕਿਆਂ ਤੱਕ ਯਾਦ ਰੱਖਿਆ ਜਾਵੇਗਾ। ਸੰਵਿਧਾਨ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਖਿਲਾਫ ਲੜਾਈ ਵਿਚ ਤੁਹਾਡੇ ਸਹਿਯੋਗ ਦੀ ਉਮੀਦ ਕਰਦਾ ਹਾਂ। ਕੇਜਰੀਵਾਲ ਨੇ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਨਿਤੀਸ਼ ਕੁਮਾਰ, ਊਧਵ ਠਾਕਰੇ, ਮਮਤਾ ਬੈਨਰਜੀ, ਸ਼ਰਦ ਪਵਾਰ, ਐੱਮ ਕੇ ਸਟਾਲਿਨ, ਹੇਮੰਤ ਸੋਰੇਨ ਤੇ ਹੋਰਨਾਂ ਆਪੋਜ਼ੀਸ਼ਨ ਆਗੂਆਂ ਨੂੰ ਚਿੱਠੀ ਭੇਜੀ ਹੈ।


