ਚੰਡੀਗੜ੍ਹ : ਹਰਿਆਣਾ ਦੇ ਨੂਹ ਅਤੇ ਨੇੜਲੇ ਜ਼ਿਲ੍ਹਿਆਂ ’ਚ ਸੰਪਰਦਾਇਕ ਹਿੰਸਾ ਦੇ ਸੰਬੰਧ ’ਚ ਸੋਸ਼ਲ ਮੀਡੀਆ ’ਤੇ ਕਥਿਤ ਭੜਕਾਊ ਪੋਸਟ ਕਰਨ ’ਤੇ ਸੁਦਰਸ਼ਨ ਨਿਊਜ਼ ਦੇ ਇੱਕ ਐਡੀਟਰ ਨੂੰ ਗੁਰੂਗ੍ਰਾਮ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਟੀ ਵੀ ਚੈਨਲ ਦੇ ਸਥਾਨਕ ਸੰਪਾਦਕ ਮੁਕੇਸ਼ ਕੁਮਾਰ ਨੂੰ ਗੁਰੂਗ੍ਰਾਮ ਸਾਇਬਰ ਥਾਣਾ ਪੂਰਬੀ ਪੁਲਸ ਨੇ ਗਿ੍ਰਫ਼ਤਾਰ ਕੀਤਾ। ਟੀ ਵੀ ਚੈਨਲ ਨੇ ਆਪਣੇ ਸਥਾਨਕ ਸੰਪਾਦਕ ਮੁਕੇਸ਼ ਕੁਮਾਰ ਦੀ ਗਿ੍ਰਫ਼ਤਾਰੀ ਨੂੰ ਮੀਡੀਆ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ। ਹਾਲਾਂਕਿ ਸ਼ੁਰੂ ’ਚ ਦੋਸ਼ ਲਾਇਆ ਸੀ ਕਿ ਕੁਝ ਗੁੰਡਿਆਂ ਨੇ ਉਨ੍ਹਾ ਨੂੰ ਅਗਵਾ ਕਰ ਲਿਆ ਸੀ। ਪੁਲਸ ਨੇ ਦੱਸਿਆ ਕਿ 8 ਅਗਸਤ ਨੂੰ ਮੁਕੇਸ਼ ਵੱਲੋਂ ਟਵੀਟ ਕਰਕੇ ਦੋਸ਼ ਲਾਇਆ ਸੀ, ‘ਵਿਦੇਸ਼ੀ ਨਿਊਜ਼ ਚੈਨਲ ਅਲ ਜਜ਼ੀਰਾ ਗੁਰੂਗ੍ਰਾਮ ਪੁਲਸ ਕਮਿਸ਼ਨਰ ਨੂੰ ਫੋਨ ਕਰਕੇ ਉਨ੍ਹਾ ’ਤੇ ਸੰਪਰਦਾਇਕ ਦੰਗਿਆਂ ਨੂੰ ਲੈ ਕੇ ਹਿੰਦੂਆਂ ਖਿਲਾਫ਼ ਕਾਰਵਾਈ ਕਰਨ ਦਾ ਦਬਾਅ ਬਣਾ ਰਹੇ ਹਨ। ਇਸ ਦਬਾਅ ਤੋਂ ਬਾਅਦ ਕਿਤਿਉਂ ਵੀ ਹਿੰਦੂ ਵਰਕਰਾਂ ਨੂੰ ਚੁੱਕਿਆ ਜਾ ਰਿਹਾ ਹੈ।’ ਪੁਲਸ ਨੇ ਇੱਕ ਬਿਆਨ ਜਾਰੀ ਕਰਕੇ ਮੁਕੇਸ਼ ਕੁਮਾਰ ਦੀ ਪੋਸਟ ਨੂੰ ਅਧਾਰਹੀਣ ਝੂਠਾ ਦੱਸਿਆ। ਪੁਲਸ ਨੇ ਕਿਹਾ ਕਿ ਸਾਈਬਰ ਅਪਰਾਧ ਥਾਣੇ ’ਚ ਪੱਤਰਕਾਰ ਖਿਲਾਫ਼ ਆਈ ਟੀ ਨਿਯਮ ਨਾਲ ਸੰਬੰਧਤ ਧਾਰਾ ਅਤੇ ਹੋਰ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ।



