ਮੰਡੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਸ਼ਨੀਵਾਰ ਸਵੇਰੇ ਹੋਏ ਇੱਕ ਬੱਸ ਹਾਦਸੇ ’ਚ ਕਈ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਮੰਡੀ ਜ਼ਿਲ੍ਹੇ ’ਚ ਹੋਇਆ, ਜਿੱਥੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਮੰਡੀ ਜ਼ਿਲ੍ਹੇ ਦੇ ਸੁੰਦਰ ਨਗਰ ਤੋਂ ਸ਼ਿਮਲਾ ਜਾ ਰਹੀ ਸੀ। ਬੱਸ ’ਚ ਕਈ ਯਾਤਰੀ ਸਵਾਰ ਸਨ। ਇਸ ਦੌਰਾਨ ਕਾਂਗੂ ਦੇ ਕੋਲ ਸੜਕ ਧੱਸ ਗਈ, ਸੜਕ ਦੇ ਧਸਣ ਕਾਰਨ ਬੱਸ ਇਸ ’ਚ ਡਿੱਗ ਗਈ। ਹਿਮਾਚਲ ਪ੍ਰਦੇਸ਼ ’ਚ ਪਿਛਲੇ ਮਹੀਨੇ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸੈਂਕੜੇ ਸੜਕਾਂ ਟੁੱਟ ਗਈਆਂ ਅਤੇ ਦਰਜਨਾਂ ਪੁਲ ਰੁੜ੍ਹ ਗਏ ਹਨ। ਇਸ ਦੌਰਾਨ ਮੰਡੀ-ਮਨਾਲੀ ਨੈਸ਼ਨਲ ਹਾਈਵੇ ’ਤੇ ਅਲਟੋ ਕਾਰ ਉਪਰ ਪੱਥਰ ਡਿੱਗਣ ਕਾਰਨ 6 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਪਰਵਾਰ ਦੇ ਹੋਰ ਲੋਕ ਜ਼ਖ਼ਮੀ ਹੋ ਗਏ।



