ਇੰਫਾਲ : ਇੱਕ ਪਾਸੇ ਕੇਂਦਰ ਦਾ ਕਹਿਣਾ ਹੈ ਕਿ ਉਹ ਮਨੀਪੁਰ ਮੁੱਦੇ ’ਤੇ ਸੰਸਦ ’ਚ ਚਰਚਾ ਚਾਹੁੰਦੀ ਸੀ, ਪਰ ਵਿਰੋਧੀ ਧਿਰ ਨੇ ਹਿੱਸਾ ਨਹੀਂ ਲਿਆ। ਉਥੇ ਹੀ ਦੂਜੇ ਪਾਸੇ ਭਾਜਪਾ ਦੇ ਸਹਿਯੋਗੀ ਦਲ ਨਾਗਾ ਪੀਪਲਜ਼ ਫਰੰਟ (ਐੱਨ ਪੀ ਐਫ) ਦੇ ਸਾਂਸਦ ਲੋਰਹੋ ਪਫੋਜ ਨੇ ਮਨੀਪੁਰ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾ ਕਿਹਾ ਕਿ ਉਹ ਸੰਸਦ ’ਚ ਮਨੀਪੁਰ ਮੁੱਦੇ ’ਤੇ ਬੋਲਣਾ ਚਾਹੁੰਦੇ ਸਨ, ਪਰ ਸੀਨੀਅਰ ਆਗੂਆਂ ਨੇ ਉਨ੍ਹਾ ਨੂੰ ਇਜਾਜ਼ਤ ਨਹੀਂ ਦਿੱਤੀ। ਐੱਨ ਪੀ ਐੱਫ ਸਾਂਸਦ ਨੇ ਕਿਹਾ ਕਿ ਉਹ ਭਾਜਪਾ ਦੇ ਸਹਿਯੋਗੀ ਹਨ, ਪਰ ਉਨ੍ਹਾ ਨੂੰ ਆਪਣੇ ਲੋਕਾਂ ਲਈ ਵੀ ਬੋਲਣ ਨਹੀਂ ਦਿੱਤਾ ਗਿਆ। ਇਹ ਪੁੱਛਣ ’ਤੇ ਕਿ ਉਨ੍ਹਾ ਨੂੰ ਕਿਸ ਨੇ ਰੋਕਿਆ, ਲੋਰਹੋ ਪਫੋਜ ਨੇ ਕਿਹਾ, ਸਾਡੇ ਹੱਥ ਬੰਨ੍ਹੇ ਹੋਏ ਹਨ।
ਇਸ ਦੌਰਾਨ ਸਾਂਸਦ ਪਫੋਜ ਨੇ ਰਾਹੁਲ ਗਾਂਧੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਵਿਰੋਧੀ ਦਲ ਤੋਂ ਹਨ, ਇਸ ਦੇ ਬਾਵਜੂਦ ਉਹਨਾ ਜਿਸ ਤਰ੍ਹਾਂ ਮਨੀਪੁਰ ਅਤੇ ਉਨ੍ਹਾ ਦੇ ਲੋਕਾਂ ਨਾਲ ਮੁਲਾਕਾਤ ਕੀਤੀ, ਇਸ ਗੱਲ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ। ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਮਨੀਪੁਰ ਜਾਣਾ ਚਾਹੀਦਾ ਸੀ ਅਤੇ ਲੋਕਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਗਾਉਣੀ ਚਾਹੀਦੀ ਸੀ। ਪ੍ਰਧਾਨ ਮੰਤਰੀ ਨੇ ਮਨੀਪੁਰ ’ਤੇ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਅਤੇ ਮੈਂ ਇਸ ਗੱਲ ਤੋਂ ਬਹੁਤ ਨਾਰਾਜ ਹਾਂ। ਪਫੋਜ ਦੀ ਨਾਰਾਜਗੀ ਇੱਥੇ ਨਹੀਂ ਰੁਕੀ, ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਬੀਰੇਨ ਸਿੰਘ ਨੂੰ ਬਚਾਇਆ। ਲੋਰਹੋ ਨੇ ਪੱਤਰਕਾਰਾਂ ਨੂੰ ਕਿਹਾਮੈਂ ਸ਼ੁਰੂ ਤੋਂ ਸੰਸਦ ਦੇ ਸੈਸ਼ਨ ’ਚ ਰਿਹਾ। ਮੈਨੂੰ ਕਹਿ ਦਿੱਤਾ ਗਿਆ ਸੀ ਕਿ ਗ੍ਰਹਿ ਮੰਤਰੀ ਇਸ ਮਸਲੇ ’ਤੇ ਗੱਲ ਰੱਖਣਗੇ। ਮੈਂ ਬੋਲਣਾ ਚਾਹੁੰਦਾ ਸੀ ਅਤੇ ਇਹ ਜ਼ਰੂਰੀ ਸੀ। ਮੈਂ ਬਹੁਤ ਕੁਝ ਕਹਿਣਾ ਚਾਹੁੰਦਾ ਸੀ, ਪਰ ਮੈਨੂੰ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾ ਮੁਤਾਬਕ ਸਾਡਾ ਮਨੀਪੁਰ ਸੜ ਰਿਹਾ ਹੈ। ਸੂਬਾ ਖੂਨ ਨਾਲ ਲਾਲ ਹੈ। ਜਾਤੀ ਹਿੰਸਾ ਨੂੰ 100 ਦਿਨ ਤੋਂ ਉਪਰ ਹੋ ਚੁੱਕੇ ਹਨ। ਇਸ ਸੰਬੰਧ ’ਚ ਮੈਂ ਬਹੁਤ ਜਜ਼ਬਾਤੀ ਹਾਂ, ਕਿਉਂਕਿ ਮੇਰੇ ਲੋਕ ਰੋ ਰਹੇ ਹਨ, ਉਹ ਦੁੱਖ-ਦਰਦ ’ਚ ਹਨ। ਇਹ ਇੱਕ ਤਰ੍ਹਾਂ ਨਾਲ ਬਟਵਾਰਾ ਹੋ ਗਿਆ ਹੈ। ਮਨੀਪੁਰ ਤੋਂ ਹੀ ਭਾਜਪਾ ਸਾਂਸਦ ਆਰ ਕੇ ਰੰਜਨ ਨੇ ਕਿਹਾਮੈਂ ਮਾਨਸੂਨ ਸੈਸ਼ਨ ’ਚ ਮਨੀਪੁਰ ’ਤੇ ਆਪਣੀ ਗੱਲ ਰੱਖਣ ਲਈ ਬੇਨਤੀ ਕੀਤੀ ਸੀ। ਮੈਂ ਆਪਣੇ ਭਾਸ਼ਣ ਲਈ ਤਿਆਰੀ ਵੀ ਕੀਤੀ ਸੀ, ਪਰ ਮੈਨੂੰ ਬੋਲਣ ਲਈ ਟਾਈਮ ਨਹੀਂ ਦਿੱਤਾ ਗਿਆ।
ਲੋਕ ਸਭਾ ’ਚ ਹਾਲ ਹੀ ਦੇ ਦਿਨਾਂ ’ਚ ਬੇਭਰੋਸਗੀ ਪ੍ਰਸਤਾਵ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਦੇ ਦਿੱਤੇ ਇੱਕ ਬਿਆਨ ’ਤੇ ਮਨੀਪੁਰ ਦੇ ਕੁੱਕੀ ਵਿਧਾਇਕਾਂ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸੂਬੇ ਦੇ ਦਸ ਵਿਧਾਇਕਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਦਾ ਬਿਆਨ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਸੀ। ਅਮਿਤ ਸ਼ਾਹ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ਸੂਬੇ ’ਚ ਜਾਤੀ ਹਿੰਸਾ ਦਾ ਕਾਰਨ ਮਿਆਂਮਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਆ ਰਹੇ ਸ਼ਰਨਾਰਥੀ ਹਨ।
ਵਿਧਾਇਕਾਂ ਨੇ ਅਮਿਤ ਸ਼ਾਹ ਤੋਂ ਗੈਰ-ਕਾਨੂੰਨੀ ਆ ਰਹੇ ਲੋਕਾਂ ਦਾ ਬਿਊਰਾ ਅਤੇ ਹਿੰਸਾ ’ਚ ਉਨ੍ਹਾਂ ਦੇ ਸ਼ਾਮਲ ਹੋਣ ਦੇ ਸਬੂਤ ਵੀ ਮੰਗੇ। ਜਿਨ੍ਹਾਂ ਦਸ ਕੁੱਕੀ ਵਿਧਾਇਕਾਂ ਨੇ ਗ੍ਰਹਿ ਮੰਤਰੀ ਦੇ ਬਿਆਨ ਦੀ ਆਲੋਚਨਾ ਕੀਤੀ, ਉਨ੍ਹਾ ’ਚ ਸੱਤ ਵਿਧਾਇਕ ਭਾਜਪਾ ਦੇ ਹੀ ਹਨ। ਇਸ ਤੋਂ ਇਲਾਵਾ ਮੀਡੀਆ ਸੂਤਰਾਂ ਮੁਤਾਬਕ ਕੁੱਕੀ ਵਿਧਾਇਕਾਂ ਨੇ ਸੂਬੇ ’ਚ ਮਿਆਂਮਾਰ ਤੋਂ ਆਉਣ ਵਾਲੇ ਕਥਿਤ ਲੋਕਾਂ ਬਾਰੇ ਗ੍ਰਹਿ ਮੰਤਰੀ ਤੋਂ ਜਾਣਕਾਰੀ ਮੰਗੀ।
ਗ੍ਰ੍ਰਹਿ ਮੰਤਰੀ ਨੇ ਲੋਕ ਸਭਾ ਨੂੰ ਦੱਸਿਆ ਕਿ ਸਾਲ 2021 ’ਚ ਮਿਆਂਮਾਰ ’ਚ ਤਖ਼ਤਾ ਪਲਟ ਕਾਰਨ ਸੱਤਾ ਤਬਦੀਲੀ ਹੋਈ। ਇਸ ਤੋਂ ਬਾਅਦ ਉਥੇ ਮਿਲਟਰੀ ਦਾ ਸ਼ਾਸਨ ਆ ਗਿਆ। ਉਥੇ ਇੱਕ ਕੁੱਕੀ ਡੈਮੋਕ੍ਰੇਟਿਕ ਫਰੰਟ ਹੈ, ਉਸ ਨੇ ਉਥੇ ਲੋਕਤੰਤਰ ਲਈ ਅੰਦੋਲਨ ਸ਼ੁਰੂ ਕਰ ਦਿੱਤਾ ਤੇ ਉਥੋਂ ਦੇ ਮਿਲਟਰੀ ਸ਼ਾਸਨ ਨੇ ਇਨ੍ਹਾਂ ’ਤੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ।



