ਨਵੀਂ ਦਿੱਲੀ : ਭਾਰਤ ਵੱਲੋਂ ਅਰਬਪਤੀ ਭਗੌੜੇ ਕਾਰੋਬਾਰੀਆਂ ਵਿਜੈ ਮਾਲੀਆ ਤੇ ਨੀਰਵ ਮੋਦੀ ਨੂੰ ਵਾਪਸ ਦੇਸ਼ ਲਿਆਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਬਰਤਾਨੀਆ ਦੇ ਰੱਖਿਆ ਮੰਤਰੀ ਟੌਮ ਟਗੇਂਡਹਾਟ ਨੇ ਕਿਹਾ ਹੈ ਕਿ ਯੂ ਕੇ ਦਾ ਅਜਿਹੀ ਥਾਂ ਬਣਨ ਦਾ ਕੋਈ ਇਰਾਦਾ ਨਹੀਂ, ਜਿੱਥੇ ਅਦਾਲਤੀ ਕਾਰਵਾਈ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ ਲੁਕ ਸਕਦੇ ਹਨ। ਉਨ੍ਹਾ ਵਿਸ਼ੇਸ਼ ਮਾਮਲਿਆਂ ਦਾ ਹਵਾਲਾ ਦਿੱਤੇ ਬਿਨਾਂ ਕਿਹਾ ਕਿ ਹਵਾਲਗੀ ਨਾਲ ਸੰਬੰਧਤ ਮਾਮਲਿਆਂ ’ਚ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਟਗੇਂਡਹਾਟ ਨੇ ਕਿਹਾ ਕਿ ਯੂ ਕੇ ਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੇ ਇਸ ਦੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਤੇ ਜ਼ਰੂਰੀ ਉਪਰਾਲੇ ਕੀਤੇ ਹਨ।
ਟਗੇਂਡਹਾਟ, ਜੋ ਜੀ-20 ਐਂਟੀ-ਕੁਰੱਪਸ਼ਨ ਮਨਿਸਟੀਰੀਅਲ ਮੀਟਿੰਗ ’ਚ ਸ਼ਾਮਲ ਹੋਣ ਲਈ 10 ਤੋਂ 12 ਅਗਸਤ ਤੱਕ ਤਿੰਨ ਰੋਜ਼ਾ ਫੇਰੀ ਤਹਿਤ ਭਾਰਤ ’ਚ ਸਨ, ਨੇ ਕਿਹਾਯੂ ਕੇ ਤੇ ਭਾਰਤ, ਦੋਵਾਂ ਦੀਆਂ ਕੁਝ ਕਾਨੂੰਨੀ ਪ੍ਰਕਿਰਿਆਵਾਂ ਹਨ, ਜਿਨ੍ਹਾਂ ਦੀ ਪਾਲਣਾ ਜ਼ਰੂਰੀ ਹੈ, ਪਰ ਯੂ ਕੇ ਸਰਕਾਰ ਇਸ ਗੱਲੋਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਬਰਤਾਨੀਆ ਦਾ ਅਜਿਹੀ ਥਾਂ ਬਣਨ ਦਾ ਕੋਈ ਇਰਾਦਾ ਨਹੀਂ, ਜਿੱਥੇ ਅਦਾਲਤੀ ਕਾਰਵਾਈ ਤੋਂ ਭੱਜਣ ਵਾਲੇ ਲੁਕ ਸਕਣ। ਚੇਤੇ ਰਹੇ ਕਿ ਭਾਰਤ ਦੇ ਸਰਕਾਰੀ ਬੈਂਕਾਂ ਨਾਲ ਕਥਿਤ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਮਾਲੀਆ ਤੇ ਨੀਰਵ ਮੋਦੀ ਯੂ ਕੇ ’ਚ ਹਨ ਤੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਸਰਕਾਰ ਵੱਲੋੋਂ ਅਦਾਲਤੀ ਚਾਰਾਜ਼ੋਈ ਕੀਤੀ ਜਾ ਰਹੀ ਹੈ।


