ਜਾਂਜਗੀਰ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਵਿਚ ਬੇਵਿਸਾਹੀ ਮਤੇ ’ਤੇ ਬਹਿਸ ਦਾ ਜਵਾਬ ਦਿੰਦਿਆਂ ਕੀਤੀ ਗਈ ਤਕਰੀਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਨੀਪੁਰ ’ਚ ਨਸਲੀ ਹਿੰਸਾ ਦੇ ਸੰਬੰਧ ’ਚ ਰਾਹੁਲ ਗਾਂਧੀ ਵੱਲੋ ਉਠਾਏ ਗਏ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਸਾਬਕਾ ਪ੍ਰਧਾਨ ਮੰਤਰੀ ਨਹਿਰੂ ਤੇ ਕਾਂਗਰਸ ਪਾਰਟੀ ਦੀ ਖਿੱਲੀ ਉਡਾਈ ਅਤੇ ਦਾਅਵਾ ਕੀਤਾ ਕਿ ਸਭ ਕੁਝ ਮੋਦੀ ਹੀ ਕਰ ਰਿਹੈ।
ਖੜਗੇ ਨੇ ਸੂਬਾ ਕਾਂਗਰਸ ਵੱਲੋਂ ਆਯੋਜਿਤ ‘ਭਰੋਸੇ ਕਾ ਸੰਮੇਲਨ’ ਵਿਚ ਕਿਹਾਕੀ ਸਕੂਲ ਮੋਦੀ ਦੇ ਸੱਤਾ ’ਚ ਆਉਣ ਤੋਂ ਬਾਅਦ ਬਣੇ? ਮੋਦੀ ਜੀ ਤੇ ਸ਼ਾਹ ਜੀ, ਜੋ ਪੜ੍ਹੇ, ਉਹ ਸਾਡੇ ਵੱਲੋਂ ਬਣਾਏ ਸਕੂਲਾਂ ’ਚ ਹੀ ਪੜ੍ਹੇ। ਹੁਣ ਸਾਨੂੰ ਪੁੱਛਦੇ ਹਨ ਕਿ ਕਾਂਗਰਸ ਨੇ 70 ਸਾਲਾਂ ਵਿਚ ਕੀ ਕੀਤਾ?
ਇੱਕ ਹੋਰ ਬਿਆਨ ’ਚ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਸਿਹਤ ਢਾਂਚੇ ਨੂੰ ਹੀ ‘ਬਿਮਾਰ’ ਕਰ ਦਿੱਤਾ ਹੈ। ਉਨ੍ਹਾ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਸਿਹਤ ਵਿਵਸਥਾਵਾਂ ਦਾ ਹਾਲ ਏਨਾ ਮਾੜਾ ਹੋ ਗਿਆ ਹੈ ਕਿ ਏਮਜ਼ ’ਚ ਵੀ ਡਾਕਟਰਾਂ ਤੇ ਸਟਾਫ ਦੀ ਵੱਡੀ ਘਾਟ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਲੋਕ ਨੀਂਦ ’ਚੋਂ ਉੱਠ ਖੜ੍ਹੇ ਹਨ ਤੇ ਹੁਣ ਮੋਦੀ ਸਰਕਾਰ ਦੀ ‘ਵਿਦਾਇਗੀ’ ਦਾ ਸਮਾਂ ਆ ਗਿਆ ਹੈ।



