ਸਾਂ ਐਂਟੋਨੀਓ : ਅਮਰੀਕਾ ਦੇ ਇਸ ਦੱਖਣੀ-ਪੱਛਮੀ ਇਲਾਕੇ ਵਿਚ ਸੋਮਵਾਰ ਨੂੰ ਟ੍ਰੇਲਰ-ਟਰੱਕ ਅੰਦਰ ਘੱਟੋ-ਘੱਟ 46 ਪ੍ਰਵਾਸੀ ਲੋਕ ਮਰੇ ਮਿਲੇ ਤੇ 16 ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਘਟਨਾ ਪ੍ਰਵਾਸੀਆਂ ਦੀ ਤਸਕਰੀ ਨਾਲ ਜੁੜੀ ਹੋਣ ਦਾ ਸ਼ੱਕ ਹੈ | ਸੂਤਰਾਂ ਮੁਤਾਬਕ ਕਹਿਰ ਦੀ ਗਰਮੀ ਕਾਰਨ ਇਹ ਮੌਤਾਂ ਹੋਈਆਂ ਲੱਗਦੀਆਂ | ਇਹ ਸਾਰੇ ਪ੍ਰਵਾਸੀ ਭੁੱਖੇ-ਪਿਆਸੇ ਸਨ | ਟਰੱਕ ਵਿਚ 100 ਤੋਂ ਵੱਧ ਲੋਕ ਠੂਸ-ਠੂਸ ਕੇ ਭਰੇ ਹੋ ਏ ਸਨ | ਹਸਪਤਾਲ ਦਾਖਲ ਕਰਾਏ ਜਾਣ ਵਾਲਿਆਂ ਵਿਚ ਚਾਰ ਬੱਚੇ ਹਨ | ਜਦੋਂ ਪੁਲਸ ਨੇ ਉਨ੍ਹਾਂ ਨੂੰ ਕੱਢਿਆ ਤਾਂ ਉਨ੍ਹਾਂ ਦੀ ਚਮੜੀ ਗਰਮ ਸੀ | ਦੱਸਿਆ ਜਾਂਦਾ ਹੈ ਕਿ ਵੱਧ ਗਰਮੀ ਕਾਰਨ 18 ਟਾਇਰੀ ਟਰੱਕ ਦੇ ਕੰਟੇਨਰ ਦਾ ਤਾਪਮਾਨ ਵਧ ਗਿਆ ਤੇ ਲੋਕ ਧੱਕੇ ਨਾਲ ਮਾਰੇ ਗਏ | ਸਾਂ ਐਂਟੋਨੀਓ ਟੈਕਸਾਸ-ਮੈਕਸੀਕੋ ਬਾਰਡਰ ਤੋਂ ਕਰੀਬ 250 ਕਿਲੋਮੀਟਰ ਦੂਰ ਹੈ | ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਕੰਟੇਨਰ ਦੇ ਦਰਵਾਜ਼ੇ ਅੱਧੇ ਖੁੱਲ੍ਹੇ ਹੋਏ ਸਨ | ਅੰਦਰ ਵੈਂਟੀਲੇਸ਼ਨ ਲਈ ਕੋਈ ਥਾਂ ਨਹੀਂ ਸੀ ਤੇ ਨਾ ਹੀ ਪਾਣੀ ਦਾ ਪ੍ਰਬੰਧ ਸੀ |
ਟੈਕਸਾਸ ਦੇ ਗਵਰਨਰ ਗਰੈੱਗ ਐਬੋਟ ਨੇ ਇਨ੍ਹਾਂ ਮੌਤਾਂ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਮੌਤਾਂ ਓਪਨ ਬਾਰਡਰ ਪਾਲਿਸੀ ਦਾ ਨਤੀਜਾ ਹਨ | ਗਰਮੀਆਂ ਵਿਚ ਐਂਟੋਨੀਓ ਸ਼ਹਿਰ ਦਾ ਤਾਪਮਾਨ ਕਾਫੀ ਵਧ ਜਾਂਦਾ ਹੈ | ਸੋਮਵਾਰ ਇਥੇ ਤਾਪਮਾਨ 39.4 ਡਿਗਰੀ ਸੈਲਸੀਅਸ ਸੀ | ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਨੇ ਦੱਸਿਆ ਕਿ ਪੀੜਤਾਂ ਦੀ ਨਾਗਰਿਕਤਾ ਦਾ ਫੌਰੀ ਤੌਰ ‘ਤੇ ਪਤਾ ਨਹੀਂ ਲੱਗਾ |