ਨਵੀਂ ਦਿੱਲੀ : ਡਿਊਟੀ ’ਤੇ ਤਣਾਅ, ਓਵਰਟਾਈਮ ਤੇ ਛੁੱਟੀ ਨਾ ਮਿਲਣਾ ਦਿੱਲੀ ਪੁਲਸ ਦੇ ਜਵਾਨਾਂ ਦੀ ਜ਼ਿੰਦਗੀ ’ਤੇ ਅਸਰ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ’ਤੇ ਮਾੜਾ ਅਸਰ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਪੁਲਸ ਮੁਲਾਜ਼ਮ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ (ਵੀ ਆਰ ਐੱਸ) ਲੈ ਰਹੇ ਹਨ। ਕੁਝ ਮੁਲਾਜ਼ਮ ਜ਼ਿੰਦਗੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਵਰਗਾ ਕਦਮ ਚੁੱਕ ਰਹੇ ਹਨ। ਇੱਕ ਆਰ ਟੀ ਆਈ ਅਨੁਸਾਰ ਪਿਛਲੇ ਸਾਢੇ 5 ਸਾਲਾਂ ’ਚ ਦਿੱਲੀ ਪੁਲਸ ਦੇ 402 ਮੁਲਾਜ਼ਮ ਵੀ ਆਰ ਐੱਸ ਲੈ ਚੁੱਕੇ ਹਨ। ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਵਾਲੇ ਮੁਲਾਜ਼ਮਾਂ ’ਚ ਕਾਂਸਟੇਬਲ, ਸਬ-ਇੰਸਪੈਕਟਰ, ਇੰਸਪੈਕਟਰ, ਏ ਸੀ ਪੀ ਅਤੇ ਡੀ ਸੀ ਪੀ ਰੈਂਕ ਦੇ ਅਫ਼ਸਰ ਸ਼ਾਮਲ ਹਨ। ਇਨ੍ਹਾਂ ’ਚੋਂ ਜਿਆਦਾਤਰ ਲੋਕਾਂ ਨੇ ਵੀ ਆਰ ਐੱਸ ਲਏ ਜਾਣ ਪਿੱਛੇ ਸਿਹਤ ਸੰਬੰਧੀ ਅਤੇ ਘਰ ’ਚ ਸਮੱਸਿਆ ਦੱਸੀ ਹੈ। ਇਸ ਤੋਂ ਇਲਾਵਾ ਕਈ ਮੁਲਾਜ਼ਮਾਂ ਨੇ ਵੀ ਆਰ ਐੱਸ ਲਈ ਅਰਜੀ ਦਿੱਤੀ ਹੋਈ ਹੈ, ਜਿਨ੍ਹਾਂ ਦੀ ਫਾਇਲ ਮਨਜ਼ੂਰੀ ਲਈ ਪੈਂਡਿੰਗ ਪਈ ਹੈ। ਹਾਲਾਂਕਿ ਪੁਲਸ ਮੁਲਾਜ਼ਮਾਂ ਦਾ ਤਣਾਅ ਘੱਟ ਕਰਨ ਲਈ ਵਿਭਾਗ ਕਈ ਤਰ੍ਹਾਂ ਦੀਆਂ ਕੋਸ਼ਿਸ਼ ਵੀ ਕਰ ਰਿਹਾ ਹੈ। ਹਰ ਜ਼ਿਲ੍ਹੇ ’ਚ ਯੋਗਾ ਅਤੇ ਮੈਡੀਟੇਸ਼ਨ ਸੈਂਟਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਲਈ ਹਰ ਜ਼ਿਲ੍ਹੇ ’ਚ ਇੱਕ ਟੇ੍ਰਨਿੰਗ ਵਿੰਗ ਹੈ। ਸਾਰਾ ਸਾਲ ਇਹ ਪ੍ਰੋਗਰਾਮ ਚਲਦੇ ਰਹਿੰਦੇ ਹਨ ਜਿੱਥੇ ਪੁਲਸ ਮੁਲਾਜ਼ਮ ਆਪਣਾ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਸਾਲ 8 ਅਪ੍ਰੈਲ ਨੂੰ ਮਜਨੂੰ ਕਾ ਟਿੱਲਾ ਇਲਾਕੇ ’ਚ ਪੀ ਸੀ ਆਰ ਵਿੰਗ ਦੇ ਇੰਚਾਰਜ ਇਮਰਾਨ ਮੁਹੰਮਦ (38) ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਸੀ। ਇਸੇ ਤਰ੍ਹਾਂ 26 ਜਨਵਰੀ ਨੂੰ ਪਹਾੜਗੰਜ ਥਾਣੇ ਦੀ ਬੈਰਕ ’ਚ ਹੈੱਡ ਕਾਂਸਟੇਬਲ ਦਵਿੰਦਰ ਨੇ ਗੋਲੀ ਮਾਰ ਕੇ ਜਾਨ ਦੇ ਦਿੱਤੀ। 16 ਮਈ ਨੂੰੰ ਦਿੱਲੀ ਪੁਲਸ ’ਚ ਤਾਇਨਾਤ ਹੈੱਡ ਕਾਂਸਟੇਬਲ ਅਮਿਤ ਕੁਮਾਰ ਨੇ ਖੁਦਕੁਸ਼ੀ ਕਰ ਲਈ। ਦੀਵਾਲੀ, ਹੋਲੀ ਜਾਂ 15 ਅਗਸਤ ਜਾਂ ਫਿਰ 26 ਜਨਵਰੀ ਪੁਲਸ ਦੇ ਜਵਾਨ ਆਪਣੇ ਪਰਵਾਰ ਤੋਂ ਦੂਰ ਰਹਿ ਕੇ ਡਿਊਟੀ ਕਰਦੇ ਹਨ। ਰਿਪੋਰਟ ’ਚ ਦੱਸਿਆ ਗਿਆ ਕਿ 1 ਜਨਵਰੀ 2018 ਤੋਂ 31 ਮਈ 2023 ਤੱਕ ਦਿੱਲੀ ਪੁਲਸ ਦੇ ਕਰੀਬ 35 ਜਵਾਨ ਖੁਦਕੁਸ਼ੀ ਕਰ ਚੁੱਕੇ ਹਨ। ਕਿਸੇ ਜਵਾਨ ਨੇ ਡਿਊਟੀ ਸਮੇਂ ਖੁਦ ਨੂੰ ਗੋਲੀ ਮਾਰ ਲਈ ਤਾਂ ਕਿਸੇ ਨੇ ਆਪਣੇ ਘਰ ’ਚ ਫਾਂਸੀ ਲਗਾ ਕੇ। ਉਥੇ ਹੀ ਹਰ ਮਹੀਨੇ ਔਸਤ 6 ਪੁਲਸ ਮੁਲਾਜ਼ਮ ਵੀ ਆਰ ਐੱਸ ਲੈ ਰਹੇ ਹਨ ਤੇ ਹਰ ਸਾਲ 6 ਜਵਾਨ ਖੁਦਕੁਸ਼ੀ ਕਰ ਰਹੇ ਹਨ।




