ਨਵੀਂ ਦਿੱਲੀ : 14 ਮਈ ਨੂੰ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀਰਵਾਰ ਭਾਜਪਾ ਵਿਚ ਸ਼ਾਮਲ ਹੋ ਗਏ | ਉਨ੍ਹਾ ਦਾ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਸਵਾਗਤ ਕੀਤਾ | ਜਾਖੜ ਬੁੱਧਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ | ਤਿੰਨ ਵਾਰ ਵਿਧਾਇਕ ਤੇ ਇਕ ਵਾਰ ਲੋਕ ਸਭਾ ਮੈਂਬਰ ਰਹੇ ਜਾਖੜ ਉਨ੍ਹਾ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਣਨ ਵਿਚ ਅੰਬਿਕਾ ਸੋਨੀ ਵੱਲੋਂ ਅੜਿੱਕਾ ਡਾਹੁਣ ਕਰਕੇ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਸਨ |
ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਜਾਖੜ ਨੇ ਕਿਹਾ—ਮੇਰੇ ਪਰਵਾਰ ਦੀਆਂ ਤਿੰਨ ਪੀੜ੍ਹੀਆਂ ਨੇ 50 ਸਾਲ ਤੋਂ ਵੱਧ ਕਾਂਗਰਸ ਦੀ ਸੇਵਾ ਕੀਤੀ | ਹੁਣ ਮੈਂ ਉਸ ਨਾਲੋਂ ਨਾਤਾ ਤੋੜ ਕੇ ਰਾਸ਼ਟਰਵਾਦ, ਏਕਤਾ ਤੇ ਪੰਜਾਬ ਵਿਚ ਭਰਾਤਰੀਭਾਵ ਖਾਤਰ ਭਾਜਪਾ ਵਿਚ ਸ਼ਾਮਲ ਹੋਇਆ ਹਾਂ | ਜਿਹੜਾ ਕੰਮ ਏ ਕੇ-47 ਨੇ ਨਹੀਂ ਕੀਤਾ, ਉਹ ਕਾਂਗਰਸ (ਅੰਬਿਕਾ ਸੋਨੀ) ਨੇ ਇਹ ਕਹਿ ਕੇ ਕਰ ਦਿੱਤਾ ਕਿ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ | ਇਸ ਤਰ੍ਹਾਂ ਹਿੰਦੂਆਂ ਹੀ ਨਹੀਂ ਸਿੱਖਾਂ ਦੀ ਵੀ ਬੇਇੱਜ਼ਤੀ ਕੀਤੀ ਗਈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਹੀ ਬੰਦਾ ਸਹੀ ਪਾਰਟੀ ਵਿਚ ਚਲੇ ਗਿਆ ਹੈ | ਉਹਦੇ ਵਰਗੇ ਇਮਾਨਦਾਰ ਤੇ ਬੇਬਾਕ ਆਗੂ ਕਾਂਗਰਸ ਵਿਚ ਸਾਹ ਨਹੀਂ ਲੈ ਸਕਦੇ |