ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿ੍ਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ 1988 ਦੇ ਰੋਡ ਰੇਜ ਮਾਮਲੇ ‘ਚ ਇਕ ਸਾਲ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ | ਜਸਟਿਸ ਏ ਐੱਮ ਖਾਨਵਿਲਕਰ ਅਤੇ ਐੱਸ ਕੇ ਕੌਲ ਦੀ ਬੈਂਚ ਨੇ ਸਿੱਧੂ ਨੂੰ ਦਿੱਤੀ ਗਈ ਸਜ਼ਾ ਦੇ ਮੁੱਦੇ ‘ਤੇ ਪੀੜਤ ਪਰਵਾਰ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨ ਵੀਰਵਾਰ ਮਨਜ਼ੂਰ ਕਰ ਲਈ | ਸੁਪਰੀਮ ਕੋਰਟ ਨੇ ਮਈ 2018 ਵਿਚ ਸਿੱਧੂ ਨੂੰ 65 ਸਾਲਾ ਵਿਅਕਤੀ ਨੂੰ ਜਾਣਬੁੱਝ ਕੇ ਸੱਟ ਪਹੁੰਚਾਉਣ ਦੇ ਜੁਰਮ ਲਈ ਦੋਸ਼ੀ ਠਹਿਰਾਇਆ ਸੀ, ਪਰ 1,000 ਰੁਪਏ ਦਾ ਜੁਰਮਾਨਾ ਲਗਾਉਣ ਤੋਂ ਬਾਅਦ ਬਰੀ ਕਰ ਦਿੱਤਾ ਸੀ | ਫਾਜ਼ਲ ਜੱਜਾਂ ਨੇ ਕਿਹਾ ਕਿ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਪਹਿਲੇ ਫੈਸਲੇ ਵਿਚ ਖਾਮੀ ਰਹਿ ਗਈ | ਇਸ ਕਰਕੇ ਉਹ ਇਕ ਸਾਲ ਦੀ ਸਜ਼ਾ ਸੁਣਾ ਰਹੇ ਹਨ | ਸਿੱਧੂ ਦਾ ਪਟਿਆਲਾ ਵਿਚ ਪਾਰਕਿੰਗ ਨੂੰ ਲੈ ਕੇ ਗੁਰਨਾਮ ਸਿੰਘ ਨਾਲ ਝਗੜਾ ਹੋ ਗਿਆ ਸੀ | ਹੱਥੋਪਾਈ ਦੌਰਾਨ ਸਿੱਧੂ ਨੇ ਗੁਰਨਾਮ ਸਿੰਘ ਨੂੰ ਮੁੱਕਾ ਮਾਰ ਦਿੱਤਾ ਸੀ ਤੇ ਬਾਅਦ ਵਿਚ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ | ਪੁਲਸ ਨੇ ਸਿੱਧੂ ਤੇ ਉਸ ਦੇ ਦੋਸਤ ਰੁਪਿੰਦਰ ਸਿੰਘ ਸਿੱਧੂ ਖਿਲਾਫ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ | ਸੈਸ਼ਨ ਕੋਰਟ ਨੇ 1999 ਵਿਚ ਸਿੱਧੂ ਨੂੰ ਬਰੀ ਕਰ ਦਿੱਤਾ ਸੀ | ਹਾਈ ਕੋਰਟ ਨੇ 2006 ਵਿਚ ਤਿੰਨ ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ | ਸੁਪਰੀਮ ਕੋਰਟ ਨੇ 16 ਮਈ 2018 ਨੂੰ ਧਾਰਾ 304 ਆਈ ਪੀ ਸੀ ਤੋਂ ਬਰੀ ਕਰ ਦਿੱਤਾ ਸੀ, ਹਾਲਾਂਕਿ ਧਾਰਾ 323 (ਸੱਟ ਪਹੁੰਚਾਉਣਾ) ਤਹਿਤ ਦੋਸ਼ੀ ਕਰਾਰ ਦਿੱਤਾ ਸੀ | ਇਸ ਵਿਚ ਸਿੱਧੂ ਨੂੰ ਜੇਲ੍ਹ ਨਹੀਂ ਜਾਣਾ ਪਿਆ ਸੀ ਤੇ ਇਕ ਹਜ਼ਾਰ ਰੁਪਏ ਜੁਰਮਾਨਾ ਹੀ ਦੇਣਾ ਪਿਆ ਸੀ | ਪੀੜਤ ਧਿਰ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਸੀ ਕਿ ਸਿੱਧੂ ਨੂੰ ਧਾਰਾ 304 ਤਹਿਤ ਸਜ਼ਾ ਹੋਈ ਚਾਹੀਦੀ ਸੀ, ਜਿਹੜੀ ਸੁਪਰੀਮ ਕੋਰਟ ਨੇ ਮੰਨ ਲਈ | ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਕਾਨੂੰਨ ਦਾ ਸਨਮਾਨ ਕਰਨਗੇ |