ਇੰਫਾਲ : ਮਨੀਪੁਰ ‘ਚ 3 ਮਈ ਤੋਂ ਕੁੱਕੀ ਅਤੇ ਮੈਤੇਈ ਭਾਈਚਾਰੇ ਵਿਚਾਲੇ ਹਿੰਸਾ ਚੱਲ ਰਹੀ ਹੈ | 120 ਦਿਨਾਂ ਤੋਂ ਜਾਰੀ ਹਿੰਸਾ ‘ਚ ਹੁਣ ਤੱਕ 160 ਲੋਕਾਂ ਦੀ ਮੌਤ ਹੋ ਚੁੱਕੀ ਹੈ | ਇਸ ਦੌਰਾਨ ਸੂਬਾ ਸਰਕਾਰ ਦੀ ਮੰਗ ‘ਤੇ ਮੰਗਲਵਾਰ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਹੋਣਾ ਸੀ | ਇਸ ‘ਚ ਸੂਬੇ ‘ਚ ਸ਼ਾਂਤੀ ਬਹਾਲੀ ਨੂੰ ਲੈ ਕੇ ਚਰਚਾ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਹੰਗਾਮੇ ਕਾਰਨ ਸੈਸ਼ਨ ਮੁਲਤਵੀ ਹੋ ਗਿਆ | ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ 21 ਅਗਸਤ ਨੂੰ ਰਾਜਪਾਲ ਨੂੰ ਸੈਸ਼ਨ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਸੀ | 22 ਅਗਸਤ ਨੂੰ ਰਾਜ ਭਵਨ ਨੇ ਸੂਚਨਾ ਜਾਰੀ ਕਰ ਦਿੱਤੀ | ਸੰਵਿਧਾਨ ਦੇ ਆਰਟੀਕਲ 174 (1) ਮੁਤਾਬਕ ਕਿਸੇ ਵੀ ਸਦਨ ‘ਚ ਦੋ ਸੈਸ਼ਨਾਂ ‘ਚ ਛੇ ਮਹੀਨੇ ਤੋਂ ਵੱਧ ਦਾ ਅੰਤਰ ਨਹੀਂ ਹੋਣਾ ਚਾਹੀਦਾ | ਮਨੀਪੁਰ ‘ਚ ਪਿਛਲਾ ਸੈਸ਼ਨ ਮਾਰਚ ‘ਚ ਹੋਇਆ ਸੀ | ਇਸ ‘ਚ ਛੇ ਮਹੀਨੇ ਦੀ ਡੈਡਲਾਈਨ ਸਤੰਬਰ ‘ਚ ਖ਼ਤਮ ਹੋ ਰਹੀ ਸੀ | ਮੰਤਰੀਆਂ ਸਮੇਤ 10 ਵਿਧਾਇਕਾਂ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸੈਸ਼ਨ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ | ਇਹ ਸਾਰੇ ਆਦਿਵਾਸੀ ਕੁੱਕੀ ਭਾਈਚਾਰੇ ਤੋਂ ਆਉਂਦੇ ਹਨ | ਇਨ੍ਹਾਂ ‘ਚ ਐੱਲ ਐੱਮ ਖੌਟੇ, ਨਗੁਰਸਾਗਲੁਰ ਸਨਾਟੇ, ਲੇਟਪਾਓ, ਹਾਓਕਿਪ, ਲੇਟਜਮੰਗ ਹਾਓਕਿਪ, ਪਾਓਲੀਨਲਾਲ ਹਾਓਕਿਪ, ਵੁਗਜਾਗਿਨ ਵਾਲਟੇ, ਹਾਓਖੋਲੇਟ ਕਿਪਗੇਨ (ਆਜ਼ਾਦ), ਕਿਨੇਓ ਹਾਓਕਿਪ ਕੈਂਗਸ਼ਿਪ (ਕੇ ਪੀ ਏ), ਚਿਨਲੁੰਗਥਾਂਗ (ਕੇ ਪੀ ਏ) ਦੇ ਵਿਧਾਇਕ ਹਨ | ਹਾਲਾਂਕਿ ਮੁੱਖ ਮੰਤਰੀ ਬੀਰੇਨ ਸਿੰਘ ਨੇ ਉਨ੍ਹਾਂ ਨੂੰ ਪੂਰੀ ਸਕਿਉਰਿਟੀ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਸੀ |




