ਨਵੀਂ ਦਿੱਲੀ : ਇੱਕ ਨਵੀਂ ਰਿਪੋਰਟ ‘ਚ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਤ ਸ਼ਹਿਰ ਦੱਸਿਆ ਗਿਆ ਹੈ | ਇਸ ‘ਚ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਦਾ ਇਹ ਪੱਧਰ ਜਾਰੀ ਰਿਹਾ ਤਾਂ ਦਿੱਲੀ ਵਾਸੀਆਂ ਦੀ ਉਮਰ 11.9 ਸਾਲ ਤੱਕ ਘਟਣ ਦੀ ਉਮੀਦ ਹੈ | ਇਹ ਰਿਪੋਰਟ ਇਸ ਸਮੇਂ ਆਈ, ਜਦ ਜੀ-20 ਸਿਖਰ ਸੰਮੇਲਨ ਦਿੱਲੀ ‘ਚ ਹੋਣ ਜਾ ਰਿਹਾ ਹੈ | ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਵੱਲੋਂ ਜਾਰੀ ਕੀਤੀ ਰਿਪੋਰਟ ਮੁਤਾਬਕ ਭਾਰਤ ‘ਚ 130 ਕਰੋੜ ਲੋਕ ਇਸ ਤਰ੍ਹਾਂ ਦੇ ਸਥਾਨਾਂ ‘ਤੇ ਰਹਿੰਦੇ ਹਨ, ਜਿੱਥੇ ਪ੍ਰਦੂਸ਼ਣ ਦਾ ਪੱਧਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਤੋਂ ਵੱਧ ਹੈ | ਇਸ ‘ਚ ਏਅਰ ਕੁਆਲਿਟੀ ਲਾਈਫ ਇੰਡੈਕਸ ਦਰਸਾਉਂਦਾ ਹੈ ਕਿ ਦੇਸ਼ ਦੀ 67.4 ਪ੍ਰਤੀਸ਼ਤ ਆਬਾਦੀ ਉਨ੍ਹਾਂ ਖੇਤਰਾਂ ਵਿੱਚ ਰਹਿੰਦੀ ਹੈ, ਜਿੱਥੇ ਪ੍ਰਦੂਸ਼ਣ ਦਾ ਪੱਧਰ ਦੇਸ਼ ਦੇ ਆਪਣੇ ਰਾਸ਼ਟਰੀ ਹਵਾ ਗੁਣਵੱਤਾ ਮਿਆਰ 40 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਤੋਂ ਵੱਧ ਹੈ | ਅਧਿਐਨ ਮੁਤਾਬਕ ਦਿੱਲੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰ ਹੈ ਅਤੇ ਜੇ ਪ੍ਰਦੂਸ਼ਣ ਦਾ ਮੌਜੂਦਾ ਪੱਧਰ ਜਾਰੀ ਰਹਿੰਦਾ ਹੈ ਤਾਂ 1.8 ਕਰੋੜ ਵਸਨੀਕਾਂ ਦੀ ਜੀਵਨ ਸੰਭਾਵਨਾ ਔਸਤਨ 11.9 ਸਾਲ ਘੱਟ ਹੋਣ ਦੀ ਉਮੀਦ ਹੈ | ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਖੇਤ ‘ਚ ਸਭ ਤੋਂ ਘੱਟ ਪ੍ਰਦੁੂਸ਼ਣ ਪੰਜਾਬ ਦੇ ਪਠਾਨਕੋਟ ‘ਚ ਵੀ 7 ਗੁਣਾ ਵੱਧ ਸੂਖਮ ਕਣਾਂ ਦਾ ਪ੍ਰਦੂਸ਼ਣ ਹੈ ਅਤੇ ਜੇਕਰ ਮੌਜੂਦਾ ਪੱਧਰ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੀਵਨ ਸੰਭਾਵਨਾ 3.1 ਸਾਲ ਤੱਕ ਘਟ ਸਕਦੀ ਹੈ | ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਸ਼ਵ ਜੀਵਨ ਹਵਾ ਪ੍ਰਦੂਸ਼ਣ ਦਾ ਤਿੰਨ ਚੌਥਾਈ ਅਸਰ ਕੇਵਲ 6 ਦੇਸ਼ਾਂ ਬੰਗਲਾਦੇਸ਼, ਭਾਰਤ, ਪਾਕਿਸਤਾਨ, ਚੀਨ ਨਾਇਜੀਰੀਆ ਅਤੇ ਇੰਡੋਨੇਸ਼ੀਆ ‘ਤੇ ਹੁੰਦਾ ਹੈ, ਜਿੱਥੇ ਪ੍ਰਦੂਸ਼ਤ ਹਵਾ ‘ਚ ਸਾਹ ਲੈਣ ਕਾਰਨ ਲੋਕ ਆਪਣੀ ਜ਼ਿੰਦਗੀ ਦੇ ਔਸਤਨ 6 ਸਾਲ ਗੁਆ ਰਹੇ ਹਨ |




