ਰੂਪਨਗਰ : ਹੜ੍ਹ ਦੀ ਸਥਿਤੀ ਦਰਮਿਆਨ ਡਿਊਟੀ ‘ਚ ਕੁਤਾਹੀ ਵਰਤਣ ‘ਤੇ ਨੰਗਲ ਦੇ ਐੱਸ ਡੀ ਐੱਮ ‘ਤੇ ਗਾਜ਼ ਡਿੱਗੀ ਹੈ | ਪੰਜਾਬ ਸਰਕਾਰ ਵੱਲੋਂ ਮੌਜੂਦਾ ਅਫਸਰ ‘ਤੇ ਕਾਰਵਾਈ ਕਰਦੇ ਹੋਏ ਐੱਸ ਡੀ ਐਮ ਨੰਗਲ ਨੂੰ ਮੁਅੱਤਲ ਕਰਨ ਦਾ ਫੈਸਲ ਲਿਆ ਹੈ | ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਉਪ ਮੰਡਲ ਨੰਗਲ ਦੇ ਐੱਸ ਡੀ ਐੱਮ ਉਦੈਦੀਪ ਸਿੰਘ ਸਿੱਧੂ ਨੂੰ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਉਣ ਦੇ ਦੋਸ਼ ਅਧੀਨ ਮੁਅੱਤਲ ਕਰ ਦਿੱਤਾ ਗਿਆ ਹੈ | ਮੁਅੱਤਲੀ ਸਮੇਂ ਦੌਰਾਨ ਅਧਿਕਾਰੀ ਦਾ ਹੈੱਡਕੁਆਰਟਰ ਚੰਡੀਗੜ੍ਹ ਹੋਵੇਗਾ ਤੇ ਮੁਅੱਤਲੀ ਸਮੇਂ ਦੌਰਾਨ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 7.2 ਅਧੀਨ ਦਰਜ ਉਪਬੰਧਾਂ ਅਨੁਸਾਰ ਸਿਰਫ ਗੁਜ਼ਾਰਾ ਭੱਤਾ ਹੀ ਮਿਲੇਗਾ | ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਵੱਲੋਂ ਮੁਅੱਤਲੀ ਦੇ ਹੁਕਮ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਕੀਤੀ ਗਈ ਰਿਪੋਰਟ ਨੂੰ ਆਧਾਰ ਬਣਾ ਕੇ ਕੀਤੇ ਗਏ ਹਨ | ਮੁਅੱਤਲੀ ਸੰਬੰਧੀ ਜਾਰੀ ਪੱਤਰ ‘ਚ ਲਿਖਿਆ ਹੈ ਕਿ ਹੜ੍ਹਾਂ ਕਾਰਨ ਬਣੀ ਸਥਿਤੀ ਦੌਰਾਨ ਪ੍ਰਭਾਵਤ ਇਲਾਕਿਆਂ ‘ਚ ਸੀਨੀਅਰ ਅਧਿਕਾਰੀਆਂ ਦੇ ਦੌਰੇ ਮੌਕੇ ਅਚਾਨਕ ਗੈਰ-ਹਾਜ਼ਰ ਹੋਣ ‘ਤੇ ਉੱਚ ਅਧਿਕਾਰੀਆਂ ਨਾਲ ਕੋਈ ਤਾਲਮੇਲ ਕਾਇਮ ਨਾ ਕਰਨ ਕਾਰਨ ਆਪਣੇ ਗੈਰ-ਜ਼ਿੰਮੇਵਾਰ ਰਵੱਈਏ ਨੂੰ ਵੇਖਦੇ ਹੋਏ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ | ਮੁਅੱਤਲੀ ਸੰਬੰਧੀ ਉਦੈਦੀਪ ਸਿੰਘ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਰੀੜ੍ਹ ਦੀ ਹੱਡੀ ਦੇ ਦਰਦ ਕਾਰਨ ਮੈਡੀਕਲ ਛੁੱਟੀ ‘ਤੇ ਸਨ | ਉਹ ਅਧਿਕਾਰੀਆਂ ਦੇ ਕਹਿਣ ‘ਤੇ ਹੀ ਆਜ਼ਾਦੀ ਦਿਹਾੜੇ ‘ਤੇ ਝੰਡਾ ਲਹਿਰਾਉਣ ਗਏ ਸਨ ਅਤੇ ਕੁਝ ਹੜ੍ਹ ਪ੍ਰਭਾਵਤ ਪਿੰਡਾਂ ਦਾ ਦੌਰਾ ਵੀ ਕੀਤਾ ਸੀ, ਪਰ ਤੇਜ਼ ਦਰਦ ਕਾਰਨ ਉਨ੍ਹਾ ਲਈ ਜ਼ਿਆਦਾ ਦੇਰ ਤੱਕ ਰੁਕਣਾ ਮੁਸ਼ਕਲ ਹੋ ਗਿਆ ਸੀ |




